
ਚੰਡੀਗੜ੍ਹ, 01 ਸਤੰਬਰ (ਹਿੰ.ਸ.)| ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਗੁਰਮੀਤ ਸਿੰਘ (55) ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤਹਿਤ ਪੂਰਬੀ ਨਿਊਯਾਰਕ ਦੀ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਨਿਕੋਲਸ ਗਾਰੌਫਿਸ ਨੇ ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਉਸ ਨੂੰ ਆਪਣਾ ਨਾਗਰਿਕਤਾ ਸਰਟੀਫਿਕੇਟ ਅਤੇ ਪਾਸਪੋਰਟ 16 ਸਤੰਬਰ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਗੁਰਮੀਤ ਸਿੰਘ ਇਸ ਸਮੇਂ ਨਿਊਯਾਰਕ ਦੀ ਸ਼ਾਵਾਂਗੰਕ ਕਰੈਕਸ਼ਨਲ ਫੈਸਿਲਿਟੀ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਇੱਕ ਮਹਿਲਾ ਯਾਤਰੀ ਨੂੰ ਚਾਕੂ ਦੀ ਨੋਕ ’ਤੇ ਅਗਵਾ ਕਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਮਾਮਲੇ ਮੁਤਾਬਕ ਮਈ 2011 ਵਿੱਚ ਮਹਿਲਾ ਨਾਲ ਬਲਾਤਕਾਰ ਅਤੇ ਅਗਵਾ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਗੁਰਮੀਤ ਸਿੰਘ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦਾਇਰ ਕਰ ਦਿੱਤੀ ਸੀ।
ਨਾਗਰਿਕਤਾ ਫਾਰਮ ਭਰਦੇ ਸਮੇਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਸਾਹਮਣੇ ਇੰਟਰਵਿਊ ਦੌਰਾਨ ਉਸ ਨੇ ਹਲਫ਼ਨਾਮਾ ਦੇ ਕੇ ਦਾਅਵਾ ਕੀਤਾ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਮਰੀਕੀ ਸਰਕਾਰ ਨੇ ਉਸ ਦੇ ਇਸ ਦਾਅਵੇ ਦੇ ਆਧਾਰ ’ਤੇ 19 ਅਕਤੂਬਰ 2011 ਨੂੰ ਉਸ ਨੂੰ ਅਮਰੀਕੀ ਨਾਗਰਿਕਤਾ ਦੇ ਦਿੱਤੀ।
ਨਾਗਰਿਕਤਾ ਮਿਲਣ ਤੋਂ ਕੁਝ ਮਹੀਨੇ ਬਾਅਦ ਜਨਵਰੀ 2012 ਵਿੱਚ ਡੀਐਨਏ ਰਿਪੋਰਟ ਦੇ ਆਧਾਰ ’ਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਨਿਊਯਾਰਕ ਸਟੇਟ ਕੋਰਟ ਵਿੱਚ ਹੋਈ।
ਸਾਲ 2014 ਵਿੱਚ ਅਦਾਲਤ ਨੇ ਉਸ ਨੂੰ ਫਰਸਟ-ਡਿਗਰੀ ਰੇਪ ਅਤੇ ਸੈਕੰਡ-ਡਿਗਰੀ ਕਿਡਨੈਪਿੰਗ ਦਾ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਅਮਰੀਕੀ ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਲਿਟੀਗੇਸ਼ਨ ਦਫ਼ਤਰ ਅਤੇ ਪੂਰਬੀ ਨਿਊਯਾਰਕ ਦੇ ਯੂਐਸ ਅਟਾਰਨੀ ਦਫ਼ਤਰ ਵੱਲੋਂ ਮਾਮਲੇ ਦੀ ਸਮੀਖਿਆ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਨੇ ਨਾਗਰਿਕਤਾ ਦੀ ਅਰਜ਼ੀ ਦੌਰਾਨ ਆਪਣੇ ਅਪਰਾਧ ਨੂੰ ਛੁਪਾਇਆ ਸੀ ਅਤੇ ਗਲਤ ਜਾਣਕਾਰੀ ਦੇ ਕੇ ਅਮਰੀਕੀ ਸਰਕਾਰ ਤੋਂ ਨਾਗਰਿਕਤਾ ਹਾਸਲ ਕੀਤੀ।
ਇਸ ਤੋਂ ਬਾਅਦ ਫਰਵਰੀ 2026 ਵਿੱਚ ਅਮਰੀਕੀ ਨਿਆਂ ਵਿਭਾਗ ਨੇ ਉਸ ਦੀ ਨਾਗਰਿਕਤਾ ਖਤਮ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਅਪਰਾਧੀਆਂ ਲਈ ਕੋਈ ਢਾਲ ਜਾਂ ਸੁਰੱਖਿਆ ਕਵਚ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਨੇ ਨਾਗਰਿਕਤਾ ਦੀ ਪ੍ਰਕਿਰਿਆ ਦੌਰਾਨ ਮਹਿਲਾ ਨਾਲ ਬਲਾਤਕਾਰ ਅਤੇ ਕਿਡਨੈਪਿੰਗ ਦੇ ਅਪਰਾਧ ਨੂੰ ਛੁਪਾਇਆ ਸੀ। ਉਨ੍ਹਾਂ ਮੁਤਾਬਕ ਧੋਖਾਧੜੀ ਰਾਹੀਂ ਹਾਸਲ ਕੀਤੀ ਗਈ ਨਾਗਰਿਕਤਾ ਕਿਸੇ ਵੀ ਅਪਰਾਧੀ ਨੂੰ ਕਾਨੂੰਨ ਦੀ ਕਾਰਵਾਈ ਤੋਂ ਨਹੀਂ ਬਚਾ ਸਕਦੀ।
ਅਦਾਲਤ ਵੱਲੋਂ ਨਾਗਰਿਕਤਾ ਰੱਦ ਕੀਤੇ ਜਾਣ ਤੋਂ ਬਾਅਦ ਗੁਰਮੀਤ ਸਿੰਘ ਹੁਣ ਅਮਰੀਕੀ ਨਾਗਰਿਕ ਨਹੀਂ ਰਹੇਗਾ। ਆਪਣੀ 20 ਸਾਲ ਦੀ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਕਈ ਸਾਲ ਬਾਅਦ ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ ਨਾਲ ਗੁਰਮੀਤ ਸਿੰਘ ਦੀ ਨਾਗਰਿਕਤਾ ਵੀ ਖਤਮ ਹੋ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH