ਤਰਨਤਾਰਨ 'ਚ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕੀਤਾ ਕਤਲ, ਤਰਪਾਲ 'ਚ ਲਪੇਟ ਕੇ ਕੰਧ ਪਿੱਛੇ ਲੁਕਾਈ ਲਾਸ਼
ਤਰਨਤਾਰਨ, 10 ਸਤੰਬਰ (ਹਿੰ.ਸ.)| ਤਰਨਤਾਰਨ ਦੇ ਪਿੰਡ ਬੂਆ ਪੱਤੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਹੁਰੇ ਵੱਲੋਂ ਕਥਿਤ ਤੌਰ ''ਤੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਪਲਾਸਟਿਕ ਅਤੇ ਤਰਪਾਲ ਵਿੱਚ ਲਪੇਟ ਕੇ ਘਰ ਦੇ
ਤਰਨਤਾਰਨ 'ਚ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕੀਤਾ ਕਤਲ, ਤਰਪਾਲ 'ਚ ਲਪੇਟ ਕੇ ਕੰਧ ਪਿੱਛੇ ਲੁਕਾਈ ਲਾਸ਼


ਤਰਨਤਾਰਨ, 10 ਸਤੰਬਰ (ਹਿੰ.ਸ.)| ਤਰਨਤਾਰਨ ਦੇ ਪਿੰਡ ਬੂਆ ਪੱਤੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਹੁਰੇ ਵੱਲੋਂ ਕਥਿਤ ਤੌਰ 'ਤੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਪਲਾਸਟਿਕ ਅਤੇ ਤਰਪਾਲ ਵਿੱਚ ਲਪੇਟ ਕੇ ਘਰ ਦੇ ਪੇਟੀਆਂ ਵਾਲੇ ਕਮਰੇ ਵਿੱਚ ਬਣੀ ਛੋਟੀ ਕੰਧ ਦੇ ਪਿੱਛੇ ਲੁਕਾ ਦਿੱਤਾ।

ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਅਮਨਦੀਪ ਕੌਰ ਦੀ ਮਾਂ ਪਰਮਜੀਤ ਕੌਰ ਪੰਮੀ ਆਪਣੀ ਧੀ ਨੂੰ ਲੱਭਣ ਲਈ ਉਸ ਦੇ ਘਰ ਪਹੁੰਚੀ। ਘਰ ਦੇ ਵੱਖ-ਵੱਖ ਕਮਰਿਆਂ ਦੀ ਤਲਾਸ਼ ਦੌਰਾਨ ਉਸ ਨੂੰ ਕੰਧ ਦੇ ਪਿੱਛੇ ਪਲਾਸਟਿਕ ਅਤੇ ਤਿਰਪਾਲ ਵਿੱਚ ਲਪੇਟੀ ਹੋਈ ਧੀ ਦੀ ਲਾਸ਼ ਮਿਲੀ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਬੁੱਧਵਾਰ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਆਪਣੀ ਧੀ ਦੇ ਘਰ ਪਹੁੰਚੀ ਸੀ। ਉਸ ਸਮੇਂ ਘਰ ਵਿੱਚ ਅਮਨਦੀਪ ਦਾ ਸਹੁਰਾ ਬਲਵਿੰਦਰ ਸਿੰਘ ਮੌਜੂਦ ਸੀ। ਧੀ ਬਾਰੇ ਪੁੱਛਣ 'ਤੇ ਉਸ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਨੂੰ ਅਮਨਦੀਪ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਸ ਤੋਂ ਬਾਅਦ ਪਰਮਜੀਤ ਕੌਰ ਨੇ ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਆਪਣੀ ਧੀ ਦੀ ਭਾਲ ਕੀਤੀ। ਇਸੇ ਦੌਰਾਨ ਅਮਨਦੀਪ ਦਾ ਪਤੀ ਸੰਤੋਸ਼ ਸਿੰਘ ਵੀ ਕੰਮ ਤੋਂ ਘਰ ਪਹੁੰਚ ਗਿਆ ਅਤੇ ਉਹ ਵੀ ਆਪਣੀ ਪਤਨੀ ਦੀ ਭਾਲ ਲਈ ਬਾਹਰ ਚਲਾ ਗਿਆ। ਭਾਲ ਦੌਰਾਨ ਅਮਨਦੀਪ ਦੀ ਮਾਂ ਨੂੰ ਪੇਟੀਆਂ ਵਾਲੇ ਕਮਰੇ ਵਿੱਚ ਬਣੀ ਛੋਟੀ ਕੰਧ ਦੇ ਪਿੱਛੇ ਪਲਾਸਟਿਕ ਅਤੇ ਤਿਰਪਾਲ ਵਿੱਚ ਲਪੇਟੀ ਹੋਈ ਲਾਸ਼ ਦਿਖਾਈ ਦਿੱਤੀ। ਰੌਲਾ ਪੈਣ 'ਤੇ ਬਲਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਦੱਸਿਆ ਕਿ ਅਮਨਦੀਪ ਨਾਲ ਉਸ ਦਾ ਝਗੜਾ ਹੋਇਆ ਸੀ ਅਤੇ ਗੁੱਸੇ ਵਿੱਚ ਉਸ ਨੇ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਘਰ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਮਾਂ ਨੇ ਦੋਸ਼ ਲਗਾਇਆ ਕਿ ਜਦੋਂ ਵੀ ਉਸ ਦਾ ਜਵਾਈ ਕੰਮ 'ਤੇ ਜਾਂਦਾ ਸੀ ਤਾਂ ਬਲਵਿੰਦਰ ਸਿੰਘ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਮਨਦੀਪ ਨਾਲ ਝਗੜਾ ਕਰਦਾ ਸੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੱਚਾ ਪੱਕਾ ਦੀ ਪੁਲਿਸ ਮੌਕੇ 'ਤੇ ਪਹੁੰਚੀ। ਥਾਣਾ ਕੱਚਾ ਪੱਕਾ ਦੇ ਇੰਚਾਰਜ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande