
ਗੁਰਦਾਸਪੁਰ, 10 ਸਤੰਬਰ (ਹਿੰ.ਸ.)| ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਾਦੀਆਂ ਦੀ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 101 ਗ੍ਰਾਮ ਹੈਰੋਇਨ ਅਤੇ 5 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਾਦੀਆਂ ਵਾਸੀ ਰੋਹਿਤ ਵਜੋਂ ਹੋਈ ਹੈ।
ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਡੀ.ਐੱਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਮਨੋਜ ਕੁਮਾਰ ਦੇ ਨਿਰਦੇਸ਼ਾਂ ’ਤੇ ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਐੱਸ.ਆਈ. ਕੁਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਗਸ਼ਤ ਕਰ ਰਹੇ ਸਨ।
ਪੁਲਿਸ ਟੀਮ ਨੇ ਪ੍ਰੇਮ ਨਗਰ, ਕਾਦੀਆਂ ਨੇੜੇ ਸ਼ੱਕ ਦੇ ਆਧਾਰ ’ਤੇ ਰੋਹਿਤ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਕੋਲੋਂ 101 ਗ੍ਰਾਮ ਹੈਰੋਇਨ ਅਤੇ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਬਰਾਮਦ ਨਸ਼ੀਲੇ ਪਦਾਰਥ ਅਤੇ ਨਕਦੀ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਮੁਲਜ਼ਮ ਰੋਹਿਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਨਸ਼ਾ ਸਪਲਾਈ ਕਰਨ ਵਾਲੇ ਹੋਰ ਵਿਅਕਤੀਆਂ ਅਤੇ ਇਸ ਨੈੱਟਵਰਕ ਨਾਲ ਜੁੜੀਆਂ ਕੜੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਪੁਲਿਸ ਨੇ ਕਿਹਾ ਕਿ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਿਤ ਕਰਨ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਯੋਗ ਦੇਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH