
ਸੰਗਰੂਰ, 10 ਸਤੰਬਰ (ਹਿੰ.ਸ.)| ਸੰਗਰੂਰ ਵਿੱਚ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਗੁਲਜ਼ਾਰ ਸਿੰਘ ਦੀ ਪਤਨੀ ਅਤੇ ਤਿੰਨੋਂ ਪੁੱਤਰ ਹੁਣ ਸਾਹਮਣੇ ਆਏ ਹਨ। ਪਰਿਵਾਰ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ 20 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਾ ਭਰੋਸਾ ਦੇਣ ਤੋਂ ਬਾਅਦ ਕਥਿਤ ਤੌਰ 'ਤੇ ਜਲਦਬਾਜ਼ੀ ਵਿੱਚ ਅੰਤਿਮ ਸੰਸਕਾਰ ਕਰਵਾ ਦਿੱਤਾ। ਗੁਲਜ਼ਾਰ ਸਿੰਘ ਦੇ ਵੱਡੇ ਪੁੱਤਰ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਉਸ ਦੇ ਛੋਟੇ ਭਰਾ ਨੂੰ ਗੁੰਮਰਾਹ ਕਰਕੇ ਉਸ ਦੇ ਬਿਆਨ ਲਏ ਅਤੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਅੰਤਿਮ ਸੰਸਕਾਰ ਕਰਵਾ ਦਿੱਤਾ।
ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਗੁਲਜ਼ਾਰ ਸਿੰਘ ਨੇ ਮੌਤ ਤੋਂ ਪਹਿਲਾਂ ਬਣਾਏ ਵੀਡੀਓ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੌਜੂਦਾ ਸਰਪੰਚ, ਸਰਪੰਚ ਦੇ ਪਤੀ ਅਤੇ ਕੁਝ ਹੋਰ ਲੋਕਾਂ ਦੇ ਨਾਮ ਲਏ ਸਨ। ਪਰਿਵਾਰ ਦੀ ਮੰਗ ਹੈ ਕਿ ਇਸ ਵੀਡੀਓ ਦੇ ਆਧਾਰ 'ਤੇ ਨਾਮਜ਼ਦ ਕੀਤੇ ਗਏ ਸਾਰੇ ਵਿਅਕਤੀਆਂ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਫੁੱਲ ਚੁਗਣ ਅਤੇ ਭੋਗ ਪਾਉਣ ਸਮੇਤ ਅੱਗੇ ਦੀਆਂ ਧਾਰਮਿਕ ਰਸਮਾਂ ਨਹੀਂ ਕਰਨਗੇ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਵੀ ਸਰਕਾਰ 'ਤੇ ਸਵਾਲ ਚੁੱਕੇ ਹਨ। ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਸਰਕਾਰ ਸੱਚਮੁੱਚ ਆਮ ਆਦਮੀ ਨੂੰ ਮਹੱਤਵ ਦਿੰਦੀ ਹੈ ਤਾਂ ਮੰਤਰੀ ਹਰਪਾਲ ਸਿੰਘ ਚੀਮਾ ਦਾ ਅਸਤੀਫ਼ਾ ਲਿਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਕਾਂਗਰਸ ਨੇ ਦੋਸ਼ ਲਗਾਇਆ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਗੁਲਜ਼ਾਰ ਸਿੰਘ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ। ਪਾਰਟੀ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਕਾਂਗਰਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਜਾਰੀ ਰੱਖੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH