
ਮੋਹਾਲੀ, 10 ਸਤੰਬਰ (ਹਿੰ.ਸ.)| ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਐਨਡੀਪੀਐਸ ਮਾਮਲੇ ਵਿੱਚ ਨਾਮਜ਼ਦ ਗਾਇਕ ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ, ਵਾਸੀ ਕਮੋਮਾਜਰਾ ਕਲਾਂ, ਸੰਗਰੂਰ, ਨੂੰ ਸੰਦੇਹ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਵਿੱਚ ਸਾਹਮਣੇ ਆਈਆਂ ਗੰਭੀਰ ਕਮੀਆਂ ਨੂੰ ਫ਼ੈਸਲੇ ਦਾ ਆਧਾਰ ਬਣਾਇਆ।
ਇਹ ਮਾਮਲਾ ਸਾਲ 2020 ਵਿੱਚ ਥਾਣਾ ਸੋਹਾਣਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ ਦੇ ਇੱਕ ਕਮਰੇ ਵਿੱਚੋਂ ਮੁਲਜ਼ਮ ਦੇ ਬੈਗ ਦੀ ਤਲਾਸ਼ੀ ਦੌਰਾਨ 30 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਸੀ। ਹਾਲਾਂਕਿ, ਸੁਣਵਾਈ ਦੌਰਾਨ ਪੁਲਿਸ ਦੀ ਜਾਂਚ ਅਤੇ ਬਰਾਮਦਗੀ ਦੀ ਕਾਰਵਾਈ ਸਬੰਧੀ ਕਈ ਸਵਾਲ ਖੜ੍ਹੇ ਹੋਏ।
ਅਦਾਲਤ ਵਿੱਚ ਸਾਹਮਣੇ ਆਇਆ ਕਿ ਗੁਰਿੰਦਰਪਾਲ ਸਿੰਘ ਹਸਪਤਾਲ ਦੇ ਕਮਰਾ ਨੰਬਰ 412 ਵਿੱਚ ਦਾਖ਼ਲ ਸੀ। ਕਮਰੇ ਵਿੱਚ ਦੋ ਬੈੱਡ ਸਨ ਅਤੇ ਜਿਸ ਬੈਗ ਵਿੱਚੋਂ ਕਥਿਤ ਤੌਰ ’ਤੇ ਅਫ਼ੀਮ ਬਰਾਮਦ ਹੋਈ, ਉਹ ਮੁਲਜ਼ਮ ਦੇ ਬੈੱਡ ਦੀ ਬਜਾਏ ਦੂਜੇ ਬੈੱਡ ’ਤੇ ਪਿਆ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਬੈਗ ਵਿੱਚੋਂ ਮੁਲਜ਼ਮ ਦਾ ਕੋਈ ਪਛਾਣ ਪੱਤਰ ਜਾਂ ਨਿੱਜੀ ਸਾਮਾਨ ਨਹੀਂ ਮਿਲਿਆ।
ਜਾਂਚ ਅਧਿਕਾਰੀ ਐੱਸ.ਆਈ. ਹਰਜਿੰਦਰ ਸਿੰਘ ਨੇ ਵੀ ਮੰਨਿਆ ਕਿ ਇਹ ਸੰਭਾਵਨਾ ਮੌਜੂਦ ਸੀ ਕਿ ਬੈਗ ਕਿਸੇ ਹੋਰ ਵਿਅਕਤੀ ਦਾ ਹੋ ਸਕਦਾ ਹੈ। ਰਿਕਾਰਡ ’ਤੇ ਅਜਿਹਾ ਕੋਈ ਠੋਸ ਸਬੂਤ ਨਹੀਂ ਸੀ, ਜੋ ਮੁਲਜ਼ਮ ਨੂੰ ਬੈਗ ਦੀ ਬਰਾਮਦਗੀ ਨਾਲ ਸਿੱਧੇ ਤੌਰ ’ਤੇ ਜੋੜਦਾ ਹੋਵੇ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਪੁਲਿਸ ਨੇ ਹਸਪਤਾਲ ਦੇ ਕਰਮਚਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ ਅਤੇ ਨਾ ਹੀ ਵਿਜ਼ਟਰ ਰਜਿਸਟਰ ਦੀ ਜਾਂਚ ਕੀਤੀ। ਇਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਘਟਨਾ ਸਮੇਂ ਕਮਰੇ ਵਿੱਚ ਮੁਲਜ਼ਮ ਤੋਂ ਇਲਾਵਾ ਹੋਰ ਕੌਣ-ਕੌਣ ਆਇਆ ਜਾਂ ਗਿਆ ਸੀ।
ਮਾਮਲੇ ਵਿੱਚ ਪੁਲਿਸ ਗਵਾਹਾਂ ਦੇ ਬਿਆਨਾਂ ਵਿੱਚ ਵੀ ਵਿਰੋਧਾਭਾਸ ਸਾਹਮਣੇ ਆਇਆ। ਕਾਰਜਕਾਰੀ ਥਾਣਾ ਮੁਖੀ ਐੱਸ.ਆਈ. ਬਰਮਾ ਸਿੰਘ ਨੇ ਆਪਣੇ ਬਿਆਨ ਵਿੱਚ ਤਬਦੀਲੀ ਕੀਤੀ। ਪਹਿਲਾਂ ਉਨ੍ਹਾਂ ਕਿਹਾ ਸੀ ਕਿ ਮੁਲਜ਼ਮ ਨੂੰ ਉਨ੍ਹਾਂ ਦੇ ਸਾਹਮਣੇ ਥਾਣੇ ਵਿੱਚ ਪੇਸ਼ ਕੀਤਾ ਗਿਆ ਸੀ, ਜਦਕਿ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਸਿਰਫ਼ ਕੇਸ ਪ੍ਰਾਪਰਟੀ ਲਿਆਂਦੀ ਗਈ ਸੀ।
ਅਦਾਲਤ ਅਨੁਸਾਰ ਮਾਮਲੇ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਨਿਰਧਾਰਤ ਲਾਜ਼ਮੀ ਪ੍ਰਕਿਰਿਆਵਾਂ ਦੀ ਪਾਲਣਾ ਸਬੰਧੀ ਵੀ ਕਮੀਆਂ ਸਾਹਮਣੇ ਆਈਆਂ। ਤਲਾਸ਼ੀ ਦੌਰਾਨ ਕਿਸੇ ਸੁਤੰਤਰ ਗਵਾਹ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
ਇਸ ਤੋਂ ਇਲਾਵਾ, ਮੁਲਜ਼ਮ ਵੱਲੋਂ ਨਸ਼ੀਲੇ ਪਦਾਰਥ ਦੇ ਸੇਵਨ ਦਾ ਵਿਗਿਆਨਕ ਸਬੂਤ ਵੀ ਪੇਸ਼ ਨਹੀਂ ਕੀਤਾ ਗਿਆ। ਪੁਲਿਸ ਨੇ ਉਸ ਦਾ ਨਮੂਨਾ ਫੋਰੈਂਸਿਕ ਸਾਇੰਸ ਲੈਬਾਰਟਰੀ ਨਹੀਂ ਭੇਜਿਆ। ਡੋਪ ਟੈਸਟ ਰਿਪੋਰਟ ਤਿਆਰ ਕਰਨ ਵਾਲੇ ਡਾਕਟਰ ਨੂੰ ਵੀ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਨਹੀਂ ਕੀਤਾ ਗਿਆ।
15 ਅਪ੍ਰੈਲ 2020 ਨੂੰ ਸ੍ਰੀ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਤੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਿੰਦਰਪਾਲ ਸਿੰਘ ਨਸ਼ੀਲੇ ਪਦਾਰਥ ਦੀ ਓਵਰਡੋਜ਼ ਕਾਰਨ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਮਰਾ ਨੰਬਰ 412 ਵਿੱਚ ਪਾਇਆ। ਇਸ ਤੋਂ ਬਾਅਦ ਪੁਲਿਸ ਨੇ ਬੈਗ ਦੀ ਤਲਾਸ਼ੀ ਲੈ ਕੇ 30 ਗ੍ਰਾਮ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਅਤੇ ਐੱਫ.ਆਈ.ਆਰ. ਦਰਜ ਕੀਤੀ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਨੂੰ ਕਥਿਤ ਤੌਰ ’ਤੇ ਸ਼ਰਾਬ ਦੇ ਜ਼ਿਆਦਾ ਸੇਵਨ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬਚਾਅ ਪੱਖ ਨੇ ਪੁਲਿਸ ’ਤੇ ਗਾਇਕ ਐਲੀ ਮਾਂਗਟ ਦੇ ਸਮਰਥਨ ਕਾਰਨ ਰੰਜਿਸ਼ ਰੱਖਣ ਅਤੇ ਝੂਠੀ ਬਰਾਮਦਗੀ ਦਿਖਾ ਕੇ ਮਾਮਲਾ ਦਰਜ ਕਰਨ ਦੇ ਦੋਸ਼ ਲਗਾਏ ਸਨ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH