
ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪ੍ਰਸਤਾਵਿਤ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਚੰਡੀਗੜ੍ਹ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵੱਖ-ਵੱਖ ਟੀਮਾਂ ਨਾਲ ਮੀਟਿੰਗਾਂ ਕੀਤੀਆਂ।
ਮੀਟਿੰਗਾਂ ਦਾ ਸਿਲਸਿਲਾ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਦਿਨ ਭਰ ਜਾਰੀ ਰਿਹਾ। ਇਸ ਦੌਰਾਨ ਯਾਤਰਾ ਦੀਆਂ ਤਿਆਰੀਆਂ, ਆਪਸੀ ਤਾਲਮੇਲ ਅਤੇ ਵੱਖ-ਵੱਖ ਆਗੂਆਂ ਤੇ ਟੀਮਾਂ ਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਸੌਂਪਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਸਤੀਸ਼ ਪੂਨੀਆ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਯਾਤਰਾ ਦੀ ਰੂਪ-ਰੇਖਾ ਅਤੇ ਤਿਆਰੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਡਾ. ਨਰਿੰਦਰ ਸਿੰਘ ਰੈਨਾ, ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਅਤੇ ਮੰਥਰੀ ਸ੍ਰੀਨਿਵਾਸੁਲੂ ਸਮੇਤ ਕਈ ਆਗੂ ਮੌਜੂਦ ਰਹੇ।
ਇਸ ਤੋਂ ਬਾਅਦ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਜਨੀਸ਼ ਧੀਮਾਨ, ਜੀਵਨ ਗਰਗ ਅਤੇ ਪਰਮਿੰਦਰ ਬਰਾੜ ਸਮੇਤ ਸੂਬਾ ਯਾਤਰਾ ਟੀਮ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਯਾਤਰਾ ਦੇ ਸੰਗਠਨਾਤਮਕ ਅਤੇ ਸੰਚਾਲਨ ਨਾਲ ਜੁੜੇ ਪਹਿਲੂਆਂ ’ਤੇ ਚਰਚਾ ਹੋਈ। ਦੁਪਹਿਰ ਬਾਅਦ ਡਾ. ਪੂਨੀਆ ਨੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੋਸ਼ਲ ਮੀਡੀਆ ਮੁਖੀ ਅਜੇ ਅਰੋੜਾ ਅਤੇ ਸੂਬਾ ਆਈਟੀ ਮੁਖੀ ਕੰਵਰ ਇੰਦਰਜੀਤ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਯਾਤਰਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਮੀਡੀਆ ਅਤੇ ਡਿਜ਼ੀਟਲ ਪਲੇਟਫਾਰਮਾਂ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ।
ਇਸ ਤੋਂ ਇਲਾਵਾ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ, ਸਤਨਾਮ ਸਿੰਘ ਸੰਧੂ ਅਤੇ ਅਸ਼ੋਕ ਮਿੱਤਲ ਨਾਲ ਵੀ ਮੀਟਿੰਗ ਕੀਤੀ ਗਈ। ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਪ੍ਰਸਤਾਵਿਤ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸੂਬੇ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਮਜ਼ਬੂਤ ਤਾਲਮੇਲ ਅਤੇ ਵਿਸਥਾਰਤ ਯੋਜਨਾ ਦੀ ਲੋੜ ਹੈ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਗਠਨਾਤਮਕ ਤੌਰ ’ਤੇ ਪੂਰੀ ਤਿਆਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਭਾਜਪਾ ਦੇ ਸੰਦੇਸ਼ ਨੂੰ ਪੰਜਾਬ ਦੇ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਯਾਤਰਾ ਨੂੰ ਵਿਆਪਕ ਜਨ-ਸਮਰਥਨ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH