
ਓਟਾਵਾ ’ਚ ਹੌਂਡਾ ਸੀਆਰਵੀ ਤੇ ਕੀਆ ਸੋਰੇਂਟੋ ਵਿਚਾਲੇ ਹੋਈ ਭਿਆਨਕ ਟੱਕਰ; ਦੂਜੀ ਕਾਰ ਦਾ ਚਾਲਕ ਵੀ ਗੰਭੀਰ ਜ਼ਖ਼ਮੀ
ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੱਖਣ-ਪੱਛਮੀ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਜਿੰਦਾ ਸੜ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਵਾਸੀ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ। ਉਹ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ।
ਹਾਦਸਾ ਬੁੱਧਵਾਰ ਦੇਰ ਰਾਤ ਕਰੀਬ 1 ਵਜੇ ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ’ਤੇ ਵਾਪਰਿਆ। ਪੁਲਿਸ ਅਤੇ ਓਟਾਵਾ ਫਾਇਰ ਸਰਵਿਸਿਜ਼ ਅਨੁਸਾਰ ਬ੍ਰਹਮਜੋਤ ਸਿੰਘ ਦੀ ਹੌਂਡਾ ਸੀਆਰਵੀ ਦੀ ਟੱਕਰ ਕੀਆ ਸੋਰੇਂਟੋ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਇਕ-ਦੂਜੇ ਤੋਂ ਕਰੀਬ 25 ਫੁੱਟ ਦੂਰ ਜਾ ਡਿੱਗੇ ਅਤੇ ਇਸ ਤੋਂ ਬਾਅਦ ਦੋਵਾਂ ਨੂੰ ਅੱਗ ਲੱਗ ਗਈ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਕਾਰਨ ਬ੍ਰਹਮਜੋਤ ਸਿੰਘ ਆਪਣੀ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਸ਼ੁਰੂਆਤ ਵਿੱਚ ਫਾਇਰ ਕਰਮਚਾਰੀਆਂ ਲਈ ਵੀ ਵਾਹਨਾਂ ਦੇ ਨੇੜੇ ਪਹੁੰਚਣਾ ਮੁਸ਼ਕਲ ਹੋ ਗਿਆ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਫਾਇਰ ਕਰਮਚਾਰੀਆਂ ਨੂੰ ਹੌਂਡਾ ਦੀ ਅਗਲੀ ਸੀਟ ’ਤੇ ਬ੍ਰਹਮਜੋਤ ਸਿੰਘ ਦੀ ਸੜੀ ਹੋਈ ਲਾਸ਼ ਮਿਲੀ। ਕਾਰ ਵਿੱਚ ਉਸ ਤੋਂ ਇਲਾਵਾ ਕੋਈ ਹੋਰ ਸਵਾਰ ਨਹੀਂ ਸੀ। ਪੈਰਾਮੈਡਿਕਸ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ।
ਦੂਜੇ ਪਾਸੇ ਕੀਆ ਸੋਰੇਂਟੋ ਦੇ ਚਾਲਕ ਨੂੰ ਰੈਸਕਿਊ ਕਰ ਲਿਆ ਗਿਆ। ਉਹ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਵੀਰਵਾਰ ਨੂੰ ਪ੍ਰੈੱਸ ਬ੍ਰੀਫਿੰਗ ਦੌਰਾਨ ਬ੍ਰਹਮਜੋਤ ਸਿੰਘ ਦੀ ਪਛਾਣ ਦੀ ਪੁਸ਼ਟੀ ਕੀਤੀ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਟੱਕਰ ਕਿਸ ਵਾਹਨ ਦੀ ਲਾਪਰਵਾਹੀ ਕਾਰਨ ਹੋਈ। ਉੱਧਰ ਟਾਂਡਾ ਵਿੱਚ ਬ੍ਰਹਮਜੋਤ ਸਿੰਘ ਦੀ ਮੌਤ ਦੀ ਖ਼ਬਰ ਪਹੁੰਚਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਲਗਾਤਾਰ ਹਾਦਸਿਆਂ ਕਾਰਨ ‘ਮੌਤ ਦੀ ਸੜਕ’ ਬਣਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੇ ਅੰਦਰ ਇਹ ਇੱਥੇ ਵਾਪਰਿਆ ਦੂਜਾ ਵੱਡਾ ਹਾਦਸਾ ਹੈ। ਲੋਕਾਂ ਨੇ ਸੜਕ ਦੀ ਹਾਲਤ ਸੁਧਾਰਨ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਅਦਾਲਤ ਦਾ ਰੁਖ ਕਰਨ ਦੀ ਗੱਲ ਵੀ ਕਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH