ਪੰਜਾਬ ’ਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ’ਚ ਆਵੇਗੀ ਤੇਜ਼ੀ, ਜਲਦ ਮਿਲਣਗੇ 33 ਲੱਖ ਕਾਰਡ
ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਸੂਬੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਦੇ ਘੇਰੇ ਵਿੱਚ ਲਿਆਉਣ ਲਈ ਜਲਦ ਹੀ ਜ਼ਿਲ੍ਹਿਆਂ ਵਿੱਚ ਕਰੀਬ 33 ਲੱਖ ਸਿਹਤ ਯੋਜਨਾ ਕਾਰਡ ਉਪਲਬਧ ਹੋਣ ਦੀ ਸੰਭਾਵ
ਪੰਜਾਬ ’ਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ’ਚ ਆਵੇਗੀ ਤੇਜ਼ੀ, ਜਲਦ ਮਿਲਣਗੇ 33 ਲੱਖ ਕਾਰਡ


ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਸੂਬੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਦੇ ਘੇਰੇ ਵਿੱਚ ਲਿਆਉਣ ਲਈ ਜਲਦ ਹੀ ਜ਼ਿਲ੍ਹਿਆਂ ਵਿੱਚ ਕਰੀਬ 33 ਲੱਖ ਸਿਹਤ ਯੋਜਨਾ ਕਾਰਡ ਉਪਲਬਧ ਹੋਣ ਦੀ ਸੰਭਾਵਨਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕਰੀਬ 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿੱਚ ਪਹੁੰਚਾਏ ਜਾ ਚੁੱਕੇ ਹਨ, ਜਦਕਿ ਲਗਭਗ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ ਹੈ। ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹੇ।

ਸਰਕਾਰ ਵੱਲੋਂ ਸੂਬੇ ਦੇ ਲਗਭਗ 2,008 ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ 400 ਜਾਂ ਇਸ ਤੋਂ ਵੱਧ ਲਾਭਪਾਤਰੀ ਸਿਹਤ ਯੋਜਨਾ ਕਾਰਡ ਲਈ ਯੋਗ ਹਨ। ਇਨ੍ਹਾਂ ਸਥਾਨਾਂ ’ਤੇ ਵਿਸ਼ੇਸ਼ ਕਾਰਡ ਵੰਡ ਕੈਂਪ ਲਗਾਏ ਜਾਣਗੇ।

ਇਨ੍ਹਾਂ ਕੈਂਪਾਂ ਰਾਹੀਂ ਲਾਭਪਾਤਰੀਆਂ ਨੂੰ ਆਪਣੇ ਇਲਾਕੇ ਵਿੱਚ ਹੀ ਕਾਰਡ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਸਰਕਾਰ ਵੱਲੋਂ ਕੈਂਪਾਂ ਦੀ ਜਾਣਕਾਰੀ ਲਾਭਪਾਤਰੀਆਂ ਨੂੰ ਪਹਿਲਾਂ ਹੀ ਦਿੱਤੀ ਜਾਵੇਗੀ। ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ, ਸਿਹਤ ਮਿੱਤਰਾਂ ਅਤੇ ਹੋਰ ਫੀਲਡ ਸਟਾਫ਼ ਨੂੰ ਵੱਧ ਤੋਂ ਵੱਧ ਲਾਭਪਾਤਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਕੈਂਪ ਆਧਾਰਿਤ ਵੰਡ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਇੱਕ ਹਫ਼ਤੇ ਦੇ ਅੰਦਰ ਇਨ੍ਹਾਂ ਕੈਂਪਾਂ ਵਿੱਚ ਕਾਰਡ ਵੰਡਣ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਰੱਖਿਆ ਹੈ।

ਜਿਨ੍ਹਾਂ ਪਿੰਡਾਂ ਅਤੇ ਵਾਰਡਾਂ ਵਿੱਚ 400 ਤੋਂ ਘੱਟ ਯੋਗ ਲਾਭਪਾਤਰੀ ਹਨ, ਉੱਥੇ ਪਹਿਲਾਂ ਵਾਂਗ ਘਰ-ਘਰ ਕਾਰਡ ਵੰਡਣ ਦੀ ਪ੍ਰਣਾਲੀ ਜਾਰੀ ਰਹੇਗੀ। ਕੈਂਪਾਂ ਤੋਂ ਬਾਅਦ ਬਚੇ ਕਾਰਡ ਵੀ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਰਾਹੀਂ ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ।

ਕਾਰਡਾਂ ਦੀ ਆਖਰੀ ਪੱਧਰ ਤੱਕ ਵੰਡ ਯਕੀਨੀ ਬਣਾਉਣ ਲਈ ਆਸ਼ਾ ਵਰਕਰਾਂ ਨੂੰ ਹਰ ਸਫ਼ਲਤਾਪੂਰਵਕ ਵੰਡੇ ਕਾਰਡ ਲਈ 10 ਰੁਪਏ, ਜਦਕਿ ਆਸ਼ਾ ਫੈਸਿਲੀਟੇਟਰਾਂ ਨੂੰ ਪ੍ਰਤੀ ਕਾਰਡ 2 ਰੁਪਏ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਘਰ-ਘਰ ਵੰਡ ਦਾ ਰਿਕਾਰਡ ਵੀ ਰੱਖਿਆ ਜਾਵੇਗਾ।

ਕੈਂਪ ਆਧਾਰਿਤ ਵੰਡ ਮੁਹਿੰਮ ਪੂਰੀ ਹੋਣ ਤੋਂ ਬਾਅਦ ਬਾਕੀ ਰਹਿੰਦੇ ਕਾਰਡਾਂ ਨੂੰ ਅਗਲੇ ਦੋ ਹਫ਼ਤਿਆਂ ਵਿੱਚ ਘਰ-ਘਰ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਸਟੇਟ ਹੈਲਥ ਏਜੰਸੀ ਵੱਲੋਂ ਜ਼ਿਲ੍ਹਿਆਂ ਨੂੰ ਕਾਰਡਾਂ ਦੇ ਨਾਲ ਕਾਰਡ ਜੈਕਟਾਂ, ਲਿਫ਼ਾਫ਼ੇ ਅਤੇ ਬਰੋਸ਼ਰ ਸਮੇਤ ਆਈਈਸੀ ਸਮੱਗਰੀ ਵੀ ਉਪਲਬਧ ਕਰਵਾਈ ਜਾ ਚੁੱਕੀ ਹੈ।

ਅਧਿਕਾਰੀਆਂ ਨੂੰ ਪੂਰੀ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਤੇ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਦਾ ਟੀਚਾ ਨਿਰਧਾਰਤ ਸਮੇਂ ਅੰਦਰ ਪੂਰੇ ਪੰਜਾਬ ਵਿੱਚ ਕਾਰਡਾਂ ਦੀ ਵੰਡ ਮੁਕੰਮਲ ਕਰਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande