
ਚੰਡੀਗੜ੍ਹ, 11 ਸਤੰਬਰ (ਹਿੰ.ਸ.)| ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਜਨਗਣਨਾ 2027 ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਦੂਜੇ ਪੜਾਅ ਨਾਲ ਸਬੰਧਤ ਸਾਰੀਆਂ ਤਿਆਰੀਆਂ 10 ਨਵੰਬਰ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹ ਅੱਜ ਇੱਥੇ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.ਸੀ.) ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੀਟਿੰਗ ਵਿੱਚ ਰਾਜ ਦੇ ਨੋਡਲ ਅਧਿਕਾਰੀ ਘਨਸ਼ਿਆਮ ਥੋਰੀ, ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮਾਂ ਦੇ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਅਨੁਸਾਰ ਕੰਮ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਫੀਲਡ ਟ੍ਰੇਨਰਾਂ ਦੀ ਸੂਚੀ 15 ਸਤੰਬਰ ਤੱਕ ਅਤੇ ਇਨਿਊਮਰੇਸ਼ਨ ਬਲਾਕਾਂ ਸਮੇਤ ਸੁਪਰਵਾਈਜ਼ਰਾਂ ਤੇ ਇਨਿਊਮਰੇਟਰਾਂ ਦੀ ਸੂਚੀ 30 ਸਤੰਬਰ 2026 ਤੱਕ ਅੰਤਿਮ ਰੂਪ ਦਿੱਤੀ ਜਾਵੇ।
ਮੀਟਿੰਗ ਦੌਰਾਨ ਇਨਿਊਮਰੇਸ਼ਨ ਬਲਾਕਾਂ ਦੇ ਗਠਨ, ਬੇਘਰ ਲੋਕਾਂ, ਸੰਸਥਾਗਤ ਪਰਿਵਾਰਾਂ, ਝੁੱਗੀ-ਝੌਂਪੜੀਆਂ, ਦੂਰ-ਦੁਰਾਡੇ ਅਤੇ ਨਵੇਂ ਵਿਕਸਤ ਖੇਤਰਾਂ ਦੀ ਮੁਕੰਮਲ ਕਵਰੇਜ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਾ ਰਹੇ ਅਤੇ ਹਰ ਖੇਤਰ ਦੀ ਸਹੀ ਤੇ ਪੂਰੀ ਗਿਣਤੀ ਯਕੀਨੀ ਬਣਾਈ ਜਾਵੇ। ਜਨਗਣਨਾ ਡਿਊਟੀ ਤੋਂ ਛੋਟ ਦੇ ਮਾਮਲੇ ਵਿੱਚ ਵੀ ਸਪੱਸ਼ਟ ਕੀਤਾ ਗਿਆ ਕਿ ਐਸ.ਡੀ.ਐਮ. ਪੱਧਰ ਤੋਂ ਹੇਠਾਂ ਕੋਈ ਅਧਿਕਾਰੀ ਅਜਿਹੀ ਛੋਟ ਮਨਜ਼ੂਰ ਨਹੀਂ ਕਰੇਗਾ।
ਮੁੱਖ ਸਕੱਤਰ ਨੇ ਬੇਘਰ ਆਬਾਦੀ ਦੀ ਗਿਣਤੀ ਲਈ ਵਿਸ਼ੇਸ਼ ਕਾਰਜ ਯੋਜਨਾ ਬਣਾਉਣ ਅਤੇ ਨਿਯਮਤ ਨਿਰੀਖਣ ਤੇ ਹਫ਼ਤਾਵਾਰੀ ਸਮੀਖਿਆਵਾਂ ਕਰਨ ਲਈ ਕਿਹਾ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਮਿਸ਼ਨ ਮੋਡ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਜਨਗਣਨਾ ਦਾ ਪਹਿਲਾ ਪੜਾਅ, ਜਿਸ ਵਿੱਚ ਮਕਾਨਾਂ ਦੀ ਸੂਚੀਬੰਦੀ ਅਤੇ ਹਾਊਸਿੰਗ ਜਨਗਣਨਾ ਸ਼ਾਮਲ ਹੈ, ਸਫਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ। ਭਾਰਤ ਸਰਕਾਰ ਵੱਲੋਂ 5 ਸਤੰਬਰ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੂਜੇ ਪੜਾਅ ਵਿੱਚ ਸਵੈ-ਗਣਨਾ 16 ਤੋਂ 30 ਨਵੰਬਰ 2026, ਜਦਕਿ ਜਨਸੰਖਿਆ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗੀ। ਇਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਰਿਵੀਜ਼ਨ ਰਾਊਂਡ ਕਰਵਾਇਆ ਜਾਵੇਗਾ। ਜਨਗਣਨਾ ਲਈ ਰੈਫਰੈਂਸ ਮਿਤੀ 5 ਜਨਵਰੀ 2027 ਨੂੰ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਨਗਣਨਾ 2027 ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ। ਇਹ ਮੋਬਾਈਲ ਐਪ, ਸਵੈ-ਗਣਨਾ ਪੋਰਟਲ ਅਤੇ ਸਬੰਧਤ ਡਿਜੀਟਲ ਪਲੇਟਫਾਰਮਾਂ ਰਾਹੀਂ ਕਰਵਾਈ ਜਾਵੇਗੀ। ਸਵੈ-ਗਣਨਾ ਪੋਰਟਲ 16 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ। ਮੁੱਖ ਸਕੱਤਰ ਨੇ ਜ਼ਿਲ੍ਹਾ ਪੱਧਰ ’ਤੇ ਸਵੈ-ਗਣਨਾ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ।
ਦੂਜੇ ਪੜਾਅ ਲਈ ਸਿਖਲਾਈ ਪ੍ਰੋਗਰਾਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਮਾਸਟਰ ਟ੍ਰੇਨਰਾਂ ਦੀ ਸਿਖਲਾਈ 9 ਤੋਂ 12 ਸਤੰਬਰ ਤੱਕ ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਵਿਖੇ, ਚਾਰਜ ਅਫ਼ਸਰਾਂ ਦੀ ਸਿਖਲਾਈ 15 ਤੋਂ 18 ਸਤੰਬਰ ਤੱਕ ਹੋਵੇਗੀ। ਇਸ ਤੋਂ ਬਾਅਦ 21 ਤੋਂ 30 ਸਤੰਬਰ ਤੱਕ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਫੀਲਡ ਟ੍ਰੇਨਰਾਂ ਅਤੇ 5 ਅਕਤੂਬਰ ਤੋਂ 10 ਨਵੰਬਰ ਤੱਕ ਚਾਰਜ ਪੱਧਰ ’ਤੇ ਇਨਿਊਮਰੇਟਰਾਂ ਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਕਰਵਾਈ ਜਾਵੇਗੀ।
ਮੁੱਖ ਸਕੱਤਰ ਨੇ ਪਹਿਲੇ ਪੜਾਅ ਦੇ ਜਨਗਣਨਾ ਕਰਮਚਾਰੀਆਂ ਨੂੰ ਮਾਣ-ਭੱਤੇ ਦੀ ਅਦਾਇਗੀ ਪਹਿਲ ਦੇ ਆਧਾਰ ’ਤੇ ਕਰਨ ਅਤੇ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਜਲਦ ਭੇਜਣ ਦੇ ਨਿਰਦੇਸ਼ ਵੀ ਦਿੱਤੇ। ਨਾਲ ਹੀ ਦੂਜੇ ਪੜਾਅ ਲਈ ਬਜਟ ਦੀ ਲੋੜ ਦਾ ਮੁਲਾਂਕਣ ਕਰਕੇ ਸਮੇਂ ਸਿਰ ਫੰਡਾਂ ਦੀ ਮੰਗ ਭੇਜਣ ਲਈ ਕਿਹਾ।
ਇਸ ਤੋਂ ਇਲਾਵਾ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਡਿਸਟ੍ਰਿਕਟ ਸੈਂਸਸ ਹੈਂਡਬੁੱਕ, ਵਿਲੇਜ ਡਾਇਰੈਕਟਰੀ ਅਤੇ ਟਾਊਨ ਡਾਇਰੈਕਟਰੀ ਦਾ ਡਾਟਾ ਪੂਰਾ ਤੇ ਤਸਦੀਕ ਕਰਨ ਦੀ ਹਦਾਇਤ ਕੀਤੀ ਗਈ। ਜਨਗਣਨਾ ਦੀਆਂ ਤਿਆਰੀਆਂ ਦੀ ਅਗਲੀ ਸਮੀਖਿਆ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ 21 ਸਤੰਬਰ ਨੂੰ ਮੁੱਖ ਗਣਨਾ ਅਧਿਕਾਰੀਆਂ ਨਾਲ ਕਾਨਫਰੰਸ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH