
ਅੰਮ੍ਰਿਤਸਰ, 11 ਸਤੰਬਰ (ਹਿੰ.ਸ.)| ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਭਾਈ ਗੁਰਦਾਸ ਹਾਲ, ਸ੍ਰੀ ਅੰਮ੍ਰਿਤਸਰ ਤੋਂ ਰਾਹਤ ਸਮੱਗਰੀ ਦੇ ਚਾਰ ਟਰੱਕ ਰਵਾਨਾ ਕੀਤੇ ਗਏ। ਇਹ ਰਾਹਤ ਸਮੱਗਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭੇਜੀ ਗਈ ਹੈ।
ਰਾਹਤ ਸਮੱਗਰੀ ਵਿੱਚ ਜਨਰੇਟਰ, ਸੋਲਰ ਲਾਈਟਾਂ, ਤਰਪਾਲਾਂ, ਮੱਛਰਦਾਨੀਆਂ, ਕੰਬਲ, ਲੋਈਆਂ, ਖੇਸ, ਚਾਦਰਾਂ, ਦਰੀਆਂ ਅਤੇ ਬਰਤਨਾਂ ਤੋਂ ਇਲਾਵਾ ਚਾਵਲ, ਦਾਲ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ। ਇਹ ਸਮੱਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਰਾਹਤ ਕੈਂਪਾਂ ਤੱਕ ਪਹੁੰਚਾਈ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਦਰਤੀ ਆਫ਼ਤਾਂ ਸਮੇਂ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਫ਼ਦ ਉੱਥੇ ਭੇਜਿਆ ਗਿਆ ਸੀ, ਜਿਸ ਨੇ ਨੇਪਾਲ ਸਰਕਾਰ ਅਤੇ ਸਥਾਨਕ ਲੋਕਾਂ ਨਾਲ ਰਾਬਤਾ ਕਰਕੇ ਪ੍ਰਭਾਵਿਤ ਇਲਾਕਿਆਂ ਦੀਆਂ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੰਗਰ ਸੇਵਾਵਾਂ ਵੀ ਲਗਾਤਾਰ ਜਾਰੀ ਹਨ। ਹੁਣ ਪੀੜਤਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਹਤ ਸਮੱਗਰੀ ਭੇਜੀ ਗਈ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਵਫ਼ਦ ਵੱਲੋਂ ਨੇਪਾਲ ਸਰਕਾਰ ਨਾਲ ਰਾਬਤਾ ਕਰਨ ਤੋਂ ਬਾਅਦ ਰਾਹਤ ਸੇਵਾਵਾਂ ਲਈ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਦੱਸੀਆਂ ਗਈਆਂ ਲੋੜਾਂ ਅਨੁਸਾਰ ਰਾਹਤ ਸਮੱਗਰੀ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਇਲਾਕਿਆਂ ਅਤੇ ਕੈਂਪਾਂ ਤੱਕ ਪਹੁੰਚਾਈ ਜਾਵੇਗੀ, ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਹੋਰ ਅਧਿਕਾਰੀਆਂ ਸਮੇਤ ਕਈ ਮੈਂਬਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH