
ਬਰਨਾਲਾ, 11 ਸਤੰਬਰ (ਹਿੰ.ਸ.)| ਬਰਨਾਲਾ ਨੇੜਲੇ ਪਿੰਡ ਸੰਘੇੜਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ’ਤੇ ਆਪਣੇ ਗੋਦ ਲਏ 5 ਸਾਲਾ ਬੱਚੇ ਨੂੰ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਕੁੱਟਣ ਦੇ ਦੋਸ਼ ਲੱਗੇ ਹਨ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚਾ ਸਰੀਰ ’ਤੇ ਡੂੰਘੀਆਂ ਸੱਟਾਂ ਅਤੇ ਸੜਨ ਦੇ ਨਿਸ਼ਾਨਾਂ ਨਾਲ ਸਕੂਲ ਪਹੁੰਚਿਆ। ਬੱਚੇ ਦੀ ਹਾਲਤ ਦੇਖ ਕੇ ਬਣਾਈਆਂ ਗਈਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਦੀ ਸਮਾਜਸੇਵੀ ਸੰਸਥਾ ‘ਆਪਣਾ ਫਰਜ਼ ਸੇਵਾ ਸੋਸਾਇਟੀ’ ਦੇ ਮੁਖੀ ਜਥੇਦਾਰ ਸਤਪਾਲ ਸਿੰਘ ਪਾਲ ਖਰੌੜ ਆਪਣੀ ਟੀਮ ਸਮੇਤ ਪਿੰਡ ਸੰਘੇੜਾ ਪਹੁੰਚੇ। ਉਨ੍ਹਾਂ ਨੇ ਪੰਚਾਇਤ, ਪਿੰਡ ਵਾਸੀਆਂ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀ ਮਦਦ ਨਾਲ ਬੱਚੇ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਬੱਚੇ ਦੇ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਵੱਡੇ ਭਰਾ ਦੀਆਂ ਚਾਰ ਧੀਆਂ ਹਨ ਅਤੇ ਉਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ। ਇਸ ਕਾਰਨ ਕਰੀਬ ਢਾਈ ਸਾਲ ਪਹਿਲਾਂ ਉਸ ਨੇ ਆਪਣੇ ਛੋਟੇ ਪੁੱਤਰ ਨੂੰ ਵੱਡੇ ਭਰਾ ਨੂੰ ਗੋਦ ਦੇ ਦਿੱਤਾ ਸੀ।
ਪਿਤਾ ਮੁਤਾਬਕ ਉਹ ਸਵੇਰੇ ਮਜ਼ਦੂਰੀ ਲਈ ਚਲਾ ਜਾਂਦਾ ਸੀ ਅਤੇ ਦੇਰ ਸ਼ਾਮ ਘਰ ਵਾਪਸ ਆਉਂਦਾ ਸੀ। ਇਸ ਕਾਰਨ ਉਸ ਨੂੰ ਬੱਚੇ ਨਾਲ ਹੋ ਰਹੇ ਕਥਿਤ ਤਸ਼ੱਦਦ ਦੀ ਜਾਣਕਾਰੀ ਨਹੀਂ ਮਿਲ ਸਕੀ। ਬੱਚੇ ਨੇ ਵੀ ਦੱਸਿਆ ਕਿ ਉਸ ਦੀ ਚਾਚੀ ਉਸ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਦੀ ਸੀ ਅਤੇ ਕਥਿਤ ਤੌਰ ’ਤੇ ਗਰਮ ਤਵੇ ਤੇ ਚਿਮਟੇ ਨਾਲ ਦਾਗਦੀ ਸੀ। ਬੱਚੇ ਮੁਤਾਬਕ ਕਈ ਵਾਰ ਉਸ ਨੂੰ ਤੇਜ਼ ਧੁੱਪ ਵਿੱਚ ਹੱਥਾਂ ਵਿੱਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਘੰਟਿਆਂ ਤੱਕ ਖੜ੍ਹਾ ਰੱਖਿਆ ਜਾਂਦਾ ਸੀ। ਬੱਚੇ ਦੇ ਪਿਤਾ ਨੇ ਪੁਲਿਸ ਤੋਂ ਮੁਲਜ਼ਮ ਮਹਿਲਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ਦੇ ਡਾਕਟਰ ਅੰਕੁਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਟੈਸਟ ਕਰ ਲਿਆ ਗਿਆ ਹੈ। ਉਸ ਦੇ ਸਰੀਰ ’ਤੇ ਸੱਟਾਂ ਅਤੇ ਸੜਨ ਦੇ ਕਈ ਨਿਸ਼ਾਨ ਮਿਲੇ ਹਨ। ਹਾਲਾਂਕਿ ਬੱਚਾ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ ਅਤੇ ਸੁਰੱਖਿਅਤ ਹੈ। ਉਸ ਦਾ ਵਾਰਡ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੀ ਹਸਪਤਾਲ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-1 ਬਰਨਾਲਾ ਦੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਸਪਤਾਲ ਤੋਂ ਬੱਚੇ ਦੀ ਵਿਸਥਾਰਤ ਮੈਡੀਕਲ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਅਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਮਹਿਲਾ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH