
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨ ਸੇਵਾ ਯਾਤਰਾ ਨੂੰ ਸਮਰਪਿਤ ਹੋਣਗੇ 13 ਪ੍ਰਮੁੱਖ ਪ੍ਰੋਗਰਾਮ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 12 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ 17 ਸਤੰਬਰ ਤੋਂ 17 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ ‘ਸੇਵਾ ਸੰਕਲਪ ਅਭਿਆਨ’ ਕਰਵਾਇਆ ਜਾਵੇਗਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਜਾਣ ਵਾਲੇ ਇਸ ਅਭਿਆਨ ਤਹਿਤ ਪਾਰਟੀ ਵਰਕਰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਕੇ ਸੇਵਾ ਅਤੇ ਸਮਰਪਣ ਦਾ ਸੰਦੇਸ਼ ਦੇਣਗੇ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅਭਿਆਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ 25 ਸਾਲਾਂ ਦੀ ਜਨ ਸੇਵਾ ਯਾਤਰਾ 7 ਅਕਤੂਬਰ 2026 ਨੂੰ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਜਨ ਸੇਵਾ ਦਾ ਸਫ਼ਰ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼ੁਰੂ ਹੋਇਆ ਸੀ। ਉਹ ਲਗਾਤਾਰ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਅਤੇ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਸੇਵਾ ਯਾਤਰਾ ਪੂਰੇ ਦੇਸ਼ ਤੱਕ ਫੈਲ ਗਈ।
ਢਿੱਲੋਂ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਕੇਂਦਰ ਸਰਕਾਰ ਵੱਲੋਂ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਟਾਰਟਅੱਪ ਇੰਡੀਆ, ਜਨ-ਧਨ ਯੋਜਨਾ, ਉੱਜਵਲਾ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ, ਜਲ ਜੀਵਨ ਮਿਸ਼ਨ ਅਤੇ ਕਿਸਾਨ ਸਨਮਾਨ ਨਿਧੀ ਵਰਗੀਆਂ ਯੋਜਨਾਵਾਂ ਰਾਹੀਂ ਗਰੀਬਾਂ, ਕਿਸਾਨਾਂ ਅਤੇ ਲੋੜਵੰਦਾਂ ਨੂੰ ਲਾਭ ਪਹੁੰਚਾਇਆ ਗਿਆ ਹੈ।
ਪੰਜਾਬ ਲਈ ਕੇਂਦਰ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 12 ਸਾਲਾਂ ਵਿੱਚ ਪੰਜਾਬ ਨੂੰ ਸੜਕਾਂ, ਰੇਲਵੇ, ਕਿਸਾਨੀ ਅਤੇ ਬੁਨਿਆਦੀ ਢਾਂਚੇ ਲਈ 17 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ, ਵੀਰ ਬਾਲ ਦਿਵਸ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲਿਆਂ ਵਿੱਚ ਕੀਤੀ ਕਾਨੂੰਨੀ ਕਾਰਵਾਈ ਨੂੰ ਵੀ ਕੇਂਦਰ ਸਰਕਾਰ ਦੇ ਮਹੱਤਵਪੂਰਨ ਕਦਮ ਦੱਸਿਆ।
ਉਨ੍ਹਾਂ ਦੱਸਿਆ ਕਿ ਮਹੀਨਾ ਭਰ ਚੱਲਣ ਵਾਲੇ ਅਭਿਆਨ ਤਹਿਤ 13 ਪ੍ਰਮੁੱਖ ਪ੍ਰੋਗਰਾਮ ਕਰਵਾਏ ਜਾਣਗੇ। 17 ਸਤੰਬਰ ਨੂੰ ਖੂਨਦਾਨ ਕੈਂਪਾਂ ਨਾਲ ਅਭਿਆਨ ਦੀ ਸ਼ੁਰੂਆਤ ਹੋਵੇਗੀ ਅਤੇ ਸ਼ਾਮ 7 ਵਜੇ ਲਾਭਪਾਤਰੀ ਤੇ ਵਰਕਰ ਆਪਣੇ ਘਰਾਂ ਵਿੱਚ ‘ਆਸ਼ੀਰਵਾਦ ਦਾ ਦੀਵਾ’ ਜਗਾਉਣਗੇ। ਸਕੂਲਾਂ ਵਿੱਚ ਚਿੱਤਰਕਾਰੀ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।
ਪਿੰਡਾਂ ਵਿੱਚ ‘ਨਮੋ ਸੇਵਾ—ਅਣਕਹੀਆਂ ਕਹਾਣੀਆਂ’ ਤਹਿਤ ਨਾਟਕ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ਸਨਮਾਨ, ਲਾਭਪਾਤਰੀਆਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ‘ਸੇਵਾ ਜੋਤੀ ਯਾਤਰਾ’ ਵਰਗੇ ਪ੍ਰੋਗਰਾਮ ਹੋਣਗੇ। ਹਰ ਵਿਧਾਨ ਸਭਾ ਅਤੇ ਬਲਾਕ ਪੱਧਰ ’ਤੇ ‘ਸੇਵਾ ਸੇਤੂ’ ਕੈਂਪ ਲਗਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾਵੇਗਾ। 25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਜਯੰਤੀ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਮੌਕੇ ਵਿਸ਼ੇਸ਼ ਸਫ਼ਾਈ ਮੁਹਿੰਮ ਵੀ ਚਲਾਈ ਜਾਵੇਗੀ। ਢਿੱਲੋਂ ਨੇ ਕਿਹਾ ਕਿ ਪੰਜਾਬ ਭਾਜਪਾ ਇਸ ਅਭਿਆਨ ਨੂੰ ਪੂਰੀ ਤਨਦੇਹੀ ਨਾਲ ਸਫ਼ਲ ਬਣਾਏਗੀ।
ਹਿੰਦੂਸਥਾਨ ਸਮਾਚਾਰ / GURSHARAN SINGH