ਫਰੀਦਕੋਟ 'ਚ ਗੋਲੀਬਾਰੀ ਤੇ ਕੁੱਟਮਾਰ ਮਾਮਲਾ: 9 ਐੱਮਐੱਮ ਗਲੌਕ ਪਿਸਤੌਲ ਸਮੇਤ 2 ਮੁਲਜ਼ਮ ਕਾਬੂ
ਫਰੀਦਕੋਟ, 12 ਸਤੰਬਰ (ਹਿੰ.ਸ.)| ਫਰੀਦਕੋਟ ਦੇ ਜੈਤੋ ਇਲਾਕੇ ਦੇ ਅੰਬੇਡਕਰ ਨਗਰ ਵਿੱਚ 1 ਸਤੰਬਰ ਦੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਗੋਲੀਬਾਰੀ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਜੈਤੋ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ
ਫਰੀਦਕੋਟ 'ਚ ਗੋਲੀਬਾਰੀ ਤੇ ਕੁੱਟਮਾਰ ਮਾਮਲਾ: 9 ਐੱਮਐੱਮ ਗਲੌਕ ਪਿਸਤੌਲ ਸਮੇਤ 2 ਮੁਲਜ਼ਮ ਕਾਬੂ


ਫਰੀਦਕੋਟ, 12 ਸਤੰਬਰ (ਹਿੰ.ਸ.)| ਫਰੀਦਕੋਟ ਦੇ ਜੈਤੋ ਇਲਾਕੇ ਦੇ ਅੰਬੇਡਕਰ ਨਗਰ ਵਿੱਚ 1 ਸਤੰਬਰ ਦੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਗੋਲੀਬਾਰੀ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਜੈਤੋ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ 9 ਐੱਮਐੱਮ ਦੀ ਗਲੌਕ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜੈਤੋ ਵਾਸੀ ਸੁਰਿੰਦਰ ਸਿੰਘ ਉਰਫ਼ ਗਗਨੀ ਅਤੇ ਸਾਹਿਲ ਉਰਫ਼ ਹੈੱਪੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਰਾਤ ਕਰੀਬ 9:30 ਵਜੇ ਅਭਿਸ਼ੇਕ ਕੁਮਾਰ ਆਪਣੇ ਦੋਸਤ ਦੀਪਕ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਗਗਨੀ, ਹੈੱਪੀ ਅਤੇ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੁਰਿੰਦਰ ਸਿੰਘ ਉਰਫ਼ ਗਗਨੀ ਨੇ ਆਪਣੀ ਪਿਸਤੌਲ ਨਾਲ ਅਭਿਸ਼ੇਕ ਕੁਮਾਰ ’ਤੇ ਸਿੱਧੀ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਸੁਰਿੰਦਰ ਸਿੰਘ ਉਰਫ਼ ਗਗਨੀ ਦੀ ਜੈਤੋ ਵਾਸੀ ਅਮਨਾ ਨਾਮਕ ਵਿਅਕਤੀ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਮੁਲਜ਼ਮਾਂ ਨੂੰ ਸ਼ੱਕ ਸੀ ਕਿ ਅਭਿਸ਼ੇਕ ਕੁਮਾਰ ਅਮਨਾ ਦਾ ਸਾਥੀ ਹੈ। ਇਸੇ ਗਲਤਫਹਿਮੀ ਅਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਮੁੱਖ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 5 ਮਾਮਲੇ ਦਰਜ

ਪੁਲਿਸ ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਗਗਨੀ ਖ਼ਿਲਾਫ਼ ਨਸ਼ਾ ਤਸਕਰੀ, ਅਸਲਾ ਐਕਟ ਸਮੇਤ ਹੋਰ ਗੰਭੀਰ ਅਪਰਾਧਾਂ ਤਹਿਤ 5 ਮਾਮਲੇ ਪਹਿਲਾਂ ਹੀ ਦਰਜ ਹਨ। ਉਸ ਦੇ ਸਾਥੀ ਸਾਹਿਲ ਉਰਫ਼ ਹੈੱਪੀ ਖ਼ਿਲਾਫ਼ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ। ਇਸ ਤਰ੍ਹਾਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਕੁੱਲ 6 ਮਾਮਲੇ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ।

ਡੀਐੱਸਪੀ ਜੈਤੋ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਐੱਸਐੱਸਪੀ ਫਰੀਦਕੋਟ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਨੇ ਤਕਨੀਕੀ ਸਬੂਤਾਂ ਅਤੇ ਮਨੁੱਖੀ ਸੂਚਨਾ ਦੀ ਮਦਦ ਨਾਲ ਦੋਵੇਂ ਮੁੱਖ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕਰ ਲਿਆ।

ਡੀਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਵਾਰਦਾਤ ਵਿੱਚ ਸ਼ਾਮਲ ਤਿੰਨ ਹੋਰ ਅਣਪਛਾਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande