
ਜਲੰਧਰ, 12 ਸਤੰਬਰ (ਹਿੰ.ਸ.)| ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸੁਭਾਨਪੁਰ ਅੱਡੇ ਨੇੜੇ ਬਣੇ ਪੁਲ ’ਤੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਅਤੇ ਦੋ ਔਰਤਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਅਤੇ ਹਾਈਵੇ ਪੈਟਰੋਲਿੰਗ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀ ਏਐਸਆਈ ਹਰਜਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿੱਚ ਭੇਜ ਦਿੱਤਾ।
ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਮ੍ਰਿਤਕਾਂ ਕੋਲੋਂ ਇੱਕ ਪਛਾਣ ਪੱਤਰ ਮਿਲਿਆ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਈ ਮੋਟਰਸਾਈਕਲ ਦਾ ਨੰਬਰ ਵੀ ਅੰਮ੍ਰਿਤਸਰ ਦਾ ਪਾਇਆ ਗਿਆ ਹੈ।
ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਤਿੰਨਾਂ ਮ੍ਰਿਤਕਾਂ ਦੀ ਪੂਰੀ ਪਛਾਣ ਨਹੀਂ ਹੋ ਸਕੀ। ਮਿਲੇ ਪਛਾਣ ਪੱਤਰ ’ਤੇ ਅੰਮ੍ਰਿਤਸਰ ਦਾ ਪਤਾ ਦਰਜ ਹੈ, ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਿੰਨੇ ਅੰਮ੍ਰਿਤਸਰ ਜਾਂ ਇਸ ਦੇ ਨੇੜਲੇ ਇਲਾਕੇ ਦੇ ਰਹਿਣ ਵਾਲੇ ਹੋ ਸਕਦੇ ਹਨ। ਇਸ ਸਬੰਧੀ ਅੰਮ੍ਰਿਤਸਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਹਾਦਸੇ ਤੋਂ ਬਾਅਦ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਵਾਹਨ ਦੀ ਪਛਾਣ ਲਈ ਹਾਈਵੇ ਨੇੜੇ ਸਥਿਤ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਦੇ ਨਾਲ-ਨਾਲ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਅਤੇ ਉਸ ਦੇ ਚਾਲਕ ਦਾ ਪਤਾ ਲਗਾਉਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH