
ਚੰਡੀਗੜ੍ਹ, 12 ਸਤੰਬਰ (ਹਿੰ.ਸ.)| ਹਰਿਆਣਾ ਦੇ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਦੇ ਪ੍ਰੋਜੈਕਟਾਂ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਨ੍ਹਾਂ ਸੜਕ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ ਲੋਕਾਂ ਨੂੰ ਬਿਹਤਰ ਅਤੇ ਤੇਜ਼ ਆਵਾਜਾਈ ਸਹੂਲਤ ਮੁਹੱਈਆ ਕਰਵਾਉਣਾ ਹੈ।
ਮੁੱਖ ਮੰਤਰੀ ਨੇ ਸਕੱਤਰੇਤ ਵਿੱਚ ‘ਫਾਈਨੈਂਸ਼ੀਅਲ ਮਾਡਲ ਫਾਰ ਸਟੇਟ ਕੰਟਰੀਬਿਊਸ਼ਨ’ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਹਿਸਾਰ ਬਾਈਪਾਸ, ਕੁਰੂਕਸ਼ੇਤਰ ਬਾਈਪਾਸ, ਨਾਰਨੌਲ ਸਿਟੀ ਬਾਈਪਾਸ, ਜੀਂਦ ਬਾਈਪਾਸ ਅਤੇ ਸੋਹਨਾ-ਪਲਵਲ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਪ੍ਰੋਜੈਕਟਾਂ ’ਤੇ ਲਗਭਗ 9,700 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਲਈ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਰਾਜ ਪੱਧਰ ’ਤੇ ਨੀਤੀ ਤਿਆਰ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਲਾਗਤ ਹਿੱਸੇ ਸਬੰਧੀ ਵਿੱਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।
ਹਿਸਾਰ ਬਾਈਪਾਸ ਰਾਹੀਂ ਹਿਸਾਰ-ਰਾਜਗੜ੍ਹ ਰੋਡ ਐਨਐਚ-52 ਨੂੰ ਹਿਸਾਰ-ਦਿੱਲੀ ਰੋਡ ਅਤੇ ਹਿਸਾਰ-ਕੈਥਲ ਰੋਡ ਨਾਲ ਜੋੜਿਆ ਜਾਵੇਗਾ। ਕੁਰੂਕਸ਼ੇਤਰ-ਲਾਡਵਾ ਬਾਈਪਾਸ ਦੀ ਡੀਪੀਆਰ ਤਿਆਰ ਹੋ ਚੁੱਕੀ ਹੈ ਅਤੇ ਇਸ ’ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ। ਨਾਰਨੌਲ ਸਿਟੀ ਬਾਈਪਾਸ ਕਰੀਬ 11 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਨੂੰ ਐਨਐਚ-148ਬੀ ਨਾਲ ਜੋੜਿਆ ਜਾਵੇਗਾ।
ਜੀਂਦ ਦੇ ਬਾਹਰੀ ਰਿੰਗ ਰੋਡ ਅਤੇ ਬਾਈਪਾਸ ’ਤੇ ਐਨਐਚ-352 ਦੀ ਚਾਰ ਮਾਰਗੀ ਸੜਕ ਬਣਾਈ ਜਾਵੇਗੀ। ਇਸੇ ਤਰ੍ਹਾਂ ਐਨਐਚ-919 ਤੋਂ ਪਲਵਲ-ਸੋਹਨਾ ਬਾਈਪਾਸ ਨੂੰ ਮੁੜ ਡਿਜ਼ਾਈਨ ਕਰਕੇ ਤਿਆਰ ਕੀਤਾ ਜਾਵੇਗਾ। ਇਹ ਚਾਰ ਮਾਰਗੀ ਸੜਕ ਲਗਭਗ 24 ਕਿਲੋਮੀਟਰ ਲੰਬੀ ਹੋਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਡੀਐਨਡੀ-ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਨੂੰ ਕੇਐਮਪੀ ਲਿੰਕ ਰਾਹੀਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਦੀ ਯੋਜਨਾ ਵੀ ਤਿਆਰ ਕੀਤੀ ਜਾਵੇਗੀ। ਕਰਨਾਲ ਰਿੰਗ ਰੋਡ ਲਈ ਜ਼ਮੀਨ ਸਬੰਧੀ ਹਿੱਸਾ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ, ਜਦਕਿ ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਨੂੰ ਜੋੜਨ ਵਾਲਾ ਰਿੰਗ ਰੋਡ ਵੀ ਨਿਰਮਾਣ ਅਧੀਨ ਹੈ।
ਮੀਟਿੰਗ ਵਿੱਚ ਸਿਰਸਾ ਵਿੱਚ ਰੇਲਵੇ ਅੰਡਰਬ੍ਰਿਜ ਸਮੇਤ ਕਈ ਲਿੰਕ ਸੜਕਾਂ ਅਤੇ ਹੋਰ ਸੜਕ ਨਿਰਮਾਣ ਕਾਰਜਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਣਬੀਰ ਗੰਗਵਾ, ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH