
ਚੰਡੀਗੜ੍ਹ, 13 ਸਤੰਬਰ (ਹਿੰ.ਸ.)| ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਸੂਬੇ ਨੂੰ ਪੰਜਾਬ ’ਚ 12 ਤੋਂ 18 ਘੰਟਿਆਂ ਦੇ ਬਿਜਲੀ ਕੱਟ, ਕਿਸਾਨ-ਉਦਯੋਗ ਤੇ ਲੋਕ ਪ੍ਰੇਸ਼ਾਨ: ਰਾਜਾ ਵੜਿੰਗਗੰਭੀਰ ਬਿਜਲੀ ਸੰਕਟ ਵਿੱਚ ਧੱਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਈ ਇਲਾਕਿਆਂ ਵਿੱਚ 12 ਤੋਂ 18 ਘੰਟਿਆਂ ਤੱਕ ਦੇ ਬਿਜਲੀ ਕੱਟ ਲੱਗ ਰਹੇ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਰੌਸ਼ਨੀ ਲਈ ਮੋਮਬੱਤੀਆਂ ਤੱਕ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਵੜਿੰਗ ਨੇ ਕਿਹਾ ਕਿ ਬਿਜਲੀ ਸੰਕਟ ਦਾ ਸਭ ਤੋਂ ਵੱਧ ਅਸਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ’ਤੇ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੰਚਾਈ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਮਹਿੰਗੇ ਡੀਜ਼ਲ ਜਨਰੇਟਰ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਲਾਗਤ ਹੋਰ ਵਧ ਰਹੀ ਹੈ। ਉਨ੍ਹਾਂ ਕਿਹਾ, “ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਸੁੱਕ ਰਹੀਆਂ ਹਨ ਅਤੇ ਝੋਨਾ ਮੁਰਝਾ ਚੁੱਕਾ ਹੈ।”
ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਿਜਲੀ ਦੀ ਸਿਖ਼ਰਲੀ ਮੰਗ ਲਗਭਗ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ, ਜਦਕਿ ਸੂਬੇ ਵਿੱਚ ਆਪਣਾ ਉਤਪਾਦਨ ਕਰੀਬ 4 ਹਜ਼ਾਰ ਮੈਗਾਵਾਟ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਲਗਭਗ 11,500 ਮੈਗਾਵਾਟ ਬਿਜਲੀ ਖਰੀਦਣ ਦੇ ਬਾਵਜੂਦ ਮੰਗ ਅਤੇ ਉਪਲਬਧਤਾ ਵਿਚਕਾਰ ਪਾੜਾ ਪੂਰਾ ਨਹੀਂ ਹੋ ਰਿਹਾ।
ਉਨ੍ਹਾਂ ਉਦਯੋਗਿਕ ਖੇਤਰ ’ਤੇ ਪੈ ਰਹੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦਯੋਗਾਂ ਨੂੰ ਰਾਤ 8 ਵਜੇ ਤੋਂ ਕੰਮ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰਿਹਾਇਸ਼ੀ ਖੇਤਰਾਂ ਵਿੱਚ ਲੰਬੇ ਬਿਜਲੀ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇ ਰਹੇ ਹਨ। ਵੜਿੰਗ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਅਤੇ ਕਿਸਾਨਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟਾਂ ਦੀ ਇੱਕ-ਇੱਕ ਯੂਨਿਟ ਬੰਦ ਹੈ। ਉਨ੍ਹਾਂ ਅਨੁਸਾਰ ਰਾਜਪੁਰਾ ਪਲਾਂਟ ਕੋਲ ਕਰੀਬ ਸੱਤ ਦਿਨਾਂ ਦਾ ਕੋਲਾ ਸਟਾਕ ਅਤੇ ਤਲਵੰਡੀ ਸਾਬੋ ਪਲਾਂਟ ਕੋਲ ਲਗਭਗ ਚਾਰ ਦਿਨਾਂ ਦਾ ਕੋਲਾ ਬਚਿਆ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਬਿਜਲੀ ਦੀ ਮੌਸਮੀ ਮੰਗ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਢੁਕਵੀਂ ਤਿਆਰੀ ਨਾ ਕਰਨ ਦਾ ਦੋਸ਼ ਲਗਾਇਆ। ਵੜਿੰਗ ਨੇ ਮੰਗ ਕੀਤੀ ਕਿ ਖੇਤੀਬਾੜੀ, ਉਦਯੋਗ ਅਤੇ ਘਰੇਲੂ ਖਪਤਕਾਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਸਰਕਾਰ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ।
ਹਿੰਦੂਸਥਾਨ ਸਮਾਚਾਰ / GURSHARAN SINGH