
ਕਿਹਾ-ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ, ਆਓ ਬੈਠ ਕੇ ਗੱਲ ਕਰੀਏ
ਚੰਡੀਗੜ੍ਹ, 13 ਸਤੰਬਰ (ਹਿੰ.ਸ.)| ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਘਰ ਦੇ ਬਾਹਰ ਮੁਲਾਜ਼ਮਾਂ ਵੱਲੋਂ ਲਗਾਏ ਜਾ ਰਹੇ ਧਰਨੇ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਦਿਆਂ ਕਿਹਾ ਕਿ ਧਰਨਾ ਲਗਾਉਣਾ ਹਰ ਕਿਸੇ ਦਾ ਲੋਕਤੰਤਰਿਕ ਹੱਕ ਹੈ ਅਤੇ ਉਹ ਇਸ ਹੱਕ ਦਾ ਪੂਰਾ ਸਤਿਕਾਰ ਕਰਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਘਰ ਦੇ ਬਾਹਰ ਮੁਲਾਜ਼ਮ ਭਰਾਵਾਂ ਵੱਲੋਂ ਜੋ ਧਰਨਾ ਲਗਾਇਆ ਜਾ ਰਿਹਾ ਹੈ, ਉਹ ਉਸਨੂੰ ਵੀ ਇਸੇ ਭਾਵਨਾ ਨਾਲ ਦੇਖਦੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਰਹੇ ਹਨ ਅਤੇ ਅੱਗੇ ਵੀ ਰਹਿਣਗੇ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਜੋ ਵੀ ਵਿਅਕਤੀ ਉਨ੍ਹਾਂ ਨਾਲ ਆਪਣੀ ਗੱਲ ਜਾਂ ਸਮੱਸਿਆ ਸਾਂਝੀ ਕਰਨਾ ਚਾਹੁੰਦਾ ਹੈ, ਉਹ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ।
ਉਨ੍ਹਾਂ ਕਿਹਾ, “ਤੁਹਾਡੀ ਗੱਲ ਸੁਣਨਾ ਮੇਰੀ ਜ਼ਿੰਮੇਵਾਰੀ ਹੈ ਅਤੇ ਮਸਲੇ ਦਾ ਹੱਲ ਕੱਢਣ ਲਈ ਇਮਾਨਦਾਰੀ ਨਾਲ ਯਤਨ ਕਰਨਾ ਮੇਰਾ ਫਰਜ਼ ਹੈ।” ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਧਰਨੇ ਦੇ ਲੋਕਤੰਤਰਿਕ ਹੱਕ ਦੇ ਨਾਲ-ਨਾਲ ਗੱਲਬਾਤ ਦਾ ਰਸਤਾ ਵੀ ਹਮੇਸ਼ਾ ਖੁੱਲ੍ਹਾ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਆਓ, ਬੈਠ ਕੇ ਗੱਲ ਕਰੀਏ, ਇਕ-ਦੂਜੇ ਦੀ ਗੱਲ ਸਮਝੀਏ ਅਤੇ ਆਪਸੀ ਸਹਿਮਤੀ ਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਵੱਲ ਅੱਗੇ ਵਧੀਏ।” ਮੰਤਰੀ ਦੀ ਇਸ ਅਪੀਲ ਨੂੰ ਮੁਲਾਜ਼ਮਾਂ ਦੇ ਧਰਨੇ ਦਰਮਿਆਨ ਸਰਕਾਰ ਅਤੇ ਪ੍ਰਦਰਸ਼ਨਕਾਰੀ ਧਿਰ ਵਿਚਾਲੇ ਗੱਲਬਾਤ ਦਾ ਰਸਤਾ ਖੋਲ੍ਹਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH