ਸੜਕ ਹਾਦਸੇ ’ਚ ਦੋ ਬੱਚਿਆਂ ਦੇ ਪਿਤਾ ਦੀ ਮੌਤ
ਅੰਮ੍ਰਿਤਸਰ, 14 ਸਤੰਬਰ (ਹਿੰ.ਸ.)| ਰਾਜਾਸਾਂਸੀ ਹਲਕੇ ਦੇ ਕੁੱਕੜਾਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੇ ਪਿਤਾ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਰਾਜਾਸਾਂਸੀ ਤੋਂ ਕੰਮ ਖਤਮ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਪਰਤ ਰਹੇ ਸਨ। ਕੁੱਕੜਾਵਾਲਾ ਨੇੜੇ ਸ
ਸੜਕ ਹਾਦਸੇ ’ਚ ਦੋ ਬੱਚਿਆਂ ਦੇ ਪਿਤਾ ਦੀ ਮੌਤ


ਅੰਮ੍ਰਿਤਸਰ, 14 ਸਤੰਬਰ (ਹਿੰ.ਸ.)| ਰਾਜਾਸਾਂਸੀ ਹਲਕੇ ਦੇ ਕੁੱਕੜਾਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੇ ਪਿਤਾ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਰਾਜਾਸਾਂਸੀ ਤੋਂ ਕੰਮ ਖਤਮ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਪਰਤ ਰਹੇ ਸਨ। ਕੁੱਕੜਾਵਾਲਾ ਨੇੜੇ ਸੜਕ ’ਤੇ ਖੜ੍ਹੀ ਲੈਂਟਰ ਪਾਉਣ ਵਾਲੀ ਮਸ਼ੀਨ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ।

ਜਾਣਕਾਰੀ ਮੁਤਾਬਕ ਬੀਤੀ ਰਾਤ ਬਿਕਰਮਜੀਤ ਸਿੰਘ ਆਪਣੇ ਸਾਥੀ ਮਜ਼ਦੂਰਾਂ ਨਾਲ ਰਾਜਾਸਾਂਸੀ ਵਿੱਚ ਕੰਮ ਖਤਮ ਕਰਨ ਤੋਂ ਬਾਅਦ ਘਰ ਵੱਲ ਰਵਾਨਾ ਹੋਏ ਸਨ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸੁਖਬੀਰ ਸਿੰਘ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸਾਰੇ ਆਪਣੇ-ਆਪਣੇ ਵਾਹਨਾਂ ’ਤੇ ਘਰ ਜਾ ਰਹੇ ਸਨ। ਬਿਕਰਮਜੀਤ ਸਿੰਘ ਉਨ੍ਹਾਂ ਤੋਂ ਕੁਝ ਅੱਗੇ ਇਕੱਲੇ ਮੋਟਰਸਾਈਕਲ ’ਤੇ ਜਾ ਰਹੇ ਸਨ।

ਜਦੋਂ ਉਹ ਕੁੱਕੜਾਵਾਲਾ ਨੇੜੇ ਪਹੁੰਚੇ ਤਾਂ ਸੜਕ ’ਤੇ ਖੜ੍ਹੀ ਲੈਂਟਰ ਪਾਉਣ ਵਾਲੀ ਮਸ਼ੀਨ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਮੁਤਾਬਕ ਜ਼ਖਮੀ ਬਿਕਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਿਕਰਮਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਸਮੇਤ ਪਰਿਵਾਰ ਛੱਡ ਗਏ ਹਨ।

ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande