
ਨਸ਼ਿਆਂ ਦੇ ਜਾਲ ਤੋਂ ਖੇਡਾਂ ਦੇ ਮੈਦਾਨ ਵੱਲ ਨੌਜਵਾਨਾਂ ਨੂੰ ਲਿਜਾਣ ਦਾ ਉਪਰਾਲਾ; ਜੇਤੂ ਟੀਮ ਨੂੰ 1 ਲੱਖ, ਉਪ ਜੇਤੂ ਨੂੰ 51 ਹਜ਼ਾਰ ਰੁਪਏ ਦਾ ਇਨਾਮ
ਘਨੌਰ, 15 ਸਤੰਬਰ (ਹਿੰ.ਸ.)| ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਐਲਾਨ ਕੀਤਾ ਕਿ ਘਨੌਰ ਹਲਕੇ ਦੇ ਨੌਜਵਾਨਾਂ ਲਈ ਜਲਦ ਹੀ ਵਿਸ਼ੇਸ਼ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ। ‘ਖੇਲੇਗਾ ਘਨੌਰ, ਬਦਲੇਗਾ ਦੌਰ-ਨਸ਼ਿਆਂ ਦੇ ਜਾਲ ਤੋਂ ਖੇਡ ਦੇ ਮੈਦਾਨ ਵੱਲ’ ਮੁਹਿੰਮ ਤਹਿਤ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਦਾ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਗਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ।
ਝਿੰਜਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਪਰ ਅੱਜ ਕਈ ਨੌਜਵਾਨਾਂ ਨੂੰ ਬੱਲਾ ਫੜਨ ਦੀ ਬਜਾਏ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਰਾਹੀਂ ਨੌਜਵਾਨਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਭਵਿੱਖ ਖੇਡ ਦੇ ਮੈਦਾਨ ਵਿੱਚ ਹੈ, ਨਾ ਕਿ ਨਸ਼ਿਆਂ ਦੇ ਅੱਡਿਆਂ ਵਿੱਚ।
ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਆਕਰਸ਼ਕ ਨਕਦ ਇਨਾਮ ਵੀ ਦਿੱਤੇ ਜਾਣਗੇ। ਜੇਤੂ ਟੀਮ ਨੂੰ 1 ਲੱਖ ਰੁਪਏ, ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।
ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨੌਜਵਾਨਾਂ ਦੀ ਭਲਾਈ ਅਤੇ ਪਿੰਡ ਪੱਧਰ ’ਤੇ ਖੇਡਾਂ ਦੇ ਵਿਕਾਸ ਵੱਲ ਲੋੜੀਂਦਾ ਧਿਆਨ ਨਾ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀਆਂ ਵੱਡੀਆਂ ਗੱਲਾਂ ਕਰਦੀ ਹੈ, ਪਰ ਪਿੰਡਾਂ ਵਿੱਚ ਨਾ ਢੁੱਕਵੇਂ ਖੇਡ ਮੈਦਾਨ ਹਨ, ਨਾ ਕੋਚ ਅਤੇ ਨਾ ਹੀ ਨੌਜਵਾਨ ਖਿਡਾਰੀਆਂ ਨੂੰ ਲੋੜੀਂਦੀ ਸਹਾਇਤਾ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ ਤਾਂ ਉਹ ਖੁਦ ਅੱਗੇ ਆ ਕੇ ਨੌਜਵਾਨਾਂ ਲਈ ਉਪਰਾਲੇ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਹਲਕੇ ਵਿੱਚ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ‘ਮਿਸ਼ਨ ਫਤਿਹ’ ਮੁਹਿੰਮ ਦਾ ਵੀ ਹਿੱਸਾ ਹੈ।
ਕ੍ਰਿਕਟ ਮੈਚਾਂ ਦੇ ਨਾਲ ‘ਮੇਰੀ ਦਸਤਾਰ, ਮੇਰੀ ਸ਼ਾਨ’ ਤਹਿਤ ਵਿਸ਼ੇਸ਼ ਦਸਤਾਰ ਸਜਾਉਣ ਦਾ ਕੈਂਪ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਅਨੁਸਾਰ ਇਸ ਕੈਂਪ ਦਾ ਮਕਸਦ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਿੱਖ ਪਹਿਚਾਣ ਪ੍ਰਤੀ ਮਾਣ ਨਾਲ ਜੋੜਨਾ ਹੈ।
ਝਿੰਜਰ ਨੇ ਘਨੌਰ ਹਲਕੇ ਦੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਦਸਤਾਰ ਨੂੰ ਮਾਣ ਨਾਲ ਸਜਾਉਣ ਅਤੇ ਮਿਲ ਕੇ ਸਿਹਤਮੰਦ ਤੇ ਨਸ਼ਾ ਮੁਕਤ ਘਨੌਰ ਦੀ ਉਸਾਰੀ ਲਈ ਅੱਗੇ ਆਉਣ।
ਹਿੰਦੂਸਥਾਨ ਸਮਾਚਾਰ / GURSHARAN SINGH