ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦਿਵਸ ਮੌਕੇ ਕਹਾਣੀ ਦਰਬਾਰ ਕਰਵਾਇਆ
ਪਟਿਆਲਾ, 15 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦਿਵਸ ਮੌਕੇ ਭਾਸ਼ਾ ਭਵਨ ਵਿਖੇ ਪ੍ਰਭਾਵਸ਼ਾਲੀ ਕਹਾਣੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਬੁੱਧ ਕਹਾਣੀਕਾਰਾਂ ਵੱਲੋਂ ਆਪਣੀਆਂ ਕਹਾਣੀਆਂ ਦਾ ਪਾਠ ਕੀਤਾ ਗਿਆ, ਜਦਕਿ ਸਾਹਿਤ ਮਾਹਿਰਾਂ ਨੇ ਕਹਾਣੀ ਕਲਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਸਾਂ
ਹਿੰਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਮਹਿਮਾਨਾਂ ਤੇ ਕਹਾਣੀਕਾਰਾਂ ਦਾ ਸਨਮਾਨ ਕਰਦੇ ਹੋਏ।


ਪਟਿਆਲਾ, 15 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦਿਵਸ ਮੌਕੇ ਭਾਸ਼ਾ ਭਵਨ ਵਿਖੇ ਪ੍ਰਭਾਵਸ਼ਾਲੀ ਕਹਾਣੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਬੁੱਧ ਕਹਾਣੀਕਾਰਾਂ ਵੱਲੋਂ ਆਪਣੀਆਂ ਕਹਾਣੀਆਂ ਦਾ ਪਾਠ ਕੀਤਾ ਗਿਆ, ਜਦਕਿ ਸਾਹਿਤ ਮਾਹਿਰਾਂ ਨੇ ਕਹਾਣੀ ਕਲਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਆਰੰਭ ਵਿੱਚ ਵਧੀਕ ਡਾਇਰੈਕਟਰ ਚੰਦਨਦੀਪ ਕੌਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਭਾਸ਼ਾ ਵਿਭਾਗ ਵੱਲੋਂ ਹਿੰਦੀ ਭਾਸ਼ਾ ਨਾਲ ਸਬੰਧਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਉੱਘੇ ਕਹਾਣੀਕਾਰ ਡਾ. ਧਰਮਪਾਲ ਸਾਹਿਲ ਨੇ ਆਪਣੀ ਕਹਾਣੀ ‘ਪਿੰਡ ਦਾਨ’ ਨਾਲ ਕਹਾਣੀ ਪਾਠ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਕਹਾਣੀ ਵਿੱਚ ਸਮਾਜਿਕ ਸਰੋਕਾਰਾਂ ਦੇ ਨਾਲ ਪਰਿਵਾਰਕ ਉਲਝਣਾਂ ਨੂੰ ਸਰਲ ਅਤੇ ਸੰਖੇਪ ਢੰਗ ਨਾਲ ਪੇਸ਼ ਕੀਤਾ ਗਿਆ। ਪਾਤਰ ਸਿਰਜਣਾ ਅਤੇ ਗੁੰਦਵੇਂ ਕਥਾਨਕ ਨੂੰ ਕਹਾਣੀ ਦੀ ਵਿਸ਼ੇਸ਼ਤਾ ਵਜੋਂ ਉਭਾਰਿਆ ਗਿਆ।

ਇਸ ਤੋਂ ਬਾਅਦ ਡਾ. ਮੀਨਾਕਸ਼ੀ ਵਰਮਾ ਨੇ ਆਪਣੀ ਕਹਾਣੀ ‘ਗੌ-ਧਲੀ’ ਦਾ ਪਾਠ ਕੀਤਾ। ਕਹਾਣੀ ਰਾਹੀਂ ਪਤੀ-ਪਤਨੀ ਦੇ ਆਪਸੀ ਸਬੰਧਾਂ ਨੂੰ ਪੇਸ਼ ਕਰਦਿਆਂ ਦੱਸਿਆ ਗਿਆ ਕਿ ਸੰਕਟ ਦੀ ਘੜੀ ਵਿੱਚ ਵੀ ਪਤੀ-ਪਤਨੀ ਦੀ ਮਜ਼ਬੂਤ ਸਾਂਝ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਿਹਤਰ ਫ਼ੈਸਲੇ ਲੈਣ ਵਿੱਚ ਸਹਾਇਕ ਹੋ ਸਕਦੀ ਹੈ। ਕਹਾਣੀ ਵਿੱਚ ਔਰਤ ਦੇ ਅੰਦਰੂਨੀ ਮਨ ਦੀ ਉਧੇੜ-ਬੁਣ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।

ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਰਾਕੇਸ਼ ਕੁਮਾਰ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ਵਿਚਕਾਰ ਭਾਵੇਂ ਸਰਹੱਦਾਂ ਹਨ ਪਰ ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀਂ ਇਨ੍ਹਾਂ ਸਰਹੱਦਾਂ ਤੋਂ ਪਾਰ ਜਾ ਕੇ ਪੂਰੀ ਦੁਨੀਆ ਨੂੰ ਇੱਕ ਕਲਾਵੇ ਵਿੱਚ ਲੈਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਕਹਾਣੀ ਦੀ ਪਰੰਪਰਾ ਮਨੁੱਖੀ ਸੱਭਿਅਤਾ ਜਿੰਨੀ ਹੀ ਪੁਰਾਣੀ ਹੈ ਅਤੇ ਕਹਾਣੀਆਂ ਦਾ ਮਨੁੱਖ ਨਾਲ ਜੈਵਿਕ ਰਿਸ਼ਤਾ ਹੈ।

ਉਨ੍ਹਾਂ ਕਿਹਾ ਕਿ ਕਹਾਣੀ ਦਾ ਮੂਲ ਤੱਤ ਰਵਾਨੀ ਹੈ ਅਤੇ ਅੱਜ ਸਾਡੀਆਂ ਕਹਾਣੀਆਂ ਵਿੱਚੋਂ ਇਹ ਰਵਾਨੀ ਘਟ ਰਹੀ ਹੈ। ਕਹਾਣੀ ਦੀ ਰਚਨਾ ਸ਼ਬਦਾਂ ਦੇ ਦਰਿਆ ਵਾਂਗ ਵਹਿੰਦੀ ਹੋਣੀ ਚਾਹੀਦੀ ਹੈ, ਜੋ ਪਾਠਕ ਨੂੰ ਆਪਣੇ ਨਾਲ ਵਹਾ ਕੇ ਨਵੀਆਂ ਭਾਵਨਾਵਾਂ ਨਾਲ ਜੋੜੇ।

ਪ੍ਰੋ. ਰਾਕੇਸ਼ ਕੁਮਾਰ ਨੇ ਭਾਸ਼ਾ ਵਿਭਾਗ ਵੱਲੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਨਵੀਆਂ ਪੈੜਾਂ ਪਾ ਰਿਹਾ ਹੈ ਅਤੇ ਇਸ ਨਾਲ ਵਿਭਾਗ ਦਾ ਦਾਇਰਾ ਵੀ ਵਧ ਰਿਹਾ ਹੈ।

ਮੁੱਖ ਮਹਿਮਾਨ ਨਵੀਨ ਕਮਲ ਭਾਰਤੀ ਨੇ ਕਿਹਾ ਕਿ ਭਾਸ਼ਾਵਾਂ ਵਿਚਕਾਰ ਕੋਈ ਟਕਰਾਅ ਨਹੀਂ ਹੁੰਦਾ, ਸਗੋਂ ਇਹ ਇੱਕ-ਦੂਜੀ ਨਾਲ ਜੁੜੀਆਂ ਹੋਣ ਦੇ ਨਾਲ ਇੱਕ-ਦੂਜੀ ਦੀਆਂ ਪੂਰਕ ਵੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਵੇਦਾਂ ਦੀ ਰਚਨਾ ਹੋਈ ਅਤੇ ਇਨ੍ਹਾਂ ਵਿੱਚੋਂ ਭਾਰਤ ਦੀਆਂ ਕਈ ਭਾਸ਼ਾਵਾਂ ਦਾ ਵਿਕਾਸ ਹੋਇਆ। ਇਸ ਲਈ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਭਾਸ਼ਾ ਵਿਭਾਗ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

ਸਮਾਗਮ ਦਾ ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਕੀਤਾ। ਇਸ ਮੌਕੇ ਹਿੰਦੀ ਭਾਗ ਦੀ ਸੇਵਾਮੁਕਤ ਸਹਾਇਕ ਡਾਇਰੈਕਟਰ ਮੋਹਣੀ ਚਾਵਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਵੱਲੋਂ ਕਹਾਣੀਕਾਰਾਂ ਅਤੇ ਮਹਿਮਾਨਾਂ ਨੂੰ ਵਿਭਾਗੀ ਸ਼ਾਲਾਂ ਅਤੇ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰਾਬੀਆ, ਪੀਐਸਪੀਐਲ ਦੇ ਸਾਬਕਾ ਡਾਇਰੈਕਟਰ ਡੀ.ਪੀ. ਸਿੰਘ ਗਰੇਵਾਲ, ਹਰਜੀਤ ਸਿੰਘ ਸੋਹੀ, ਇੰਜ. ਜਤਿੰਦਰ ਸਿੰਘ, ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਬਾਬੂ ਰਾਮ ਦੀਵਾਨ ਤੇ ਹਰਨੇਕ ਸਿੰਘ ਢੋਟ, ਪੱਤਰਕਾਰ ਗੁਰਨਾਮ ਸਿੰਘ ਅਕੀਦਾ, ਕਵੀਸ਼ਰ ਭੀਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande