
ਸਰਕਾਰੀ, ਏਡਿਡ ਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ’ਤੇ ਲਾਗੂ ਹੋਵੇਗਾ ਫੈਸਲਾ
ਚੰਡੀਗੜ੍ਹ, 15 ਸਤੰਬਰ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਸੀਨੀਅਰ ਸੈਕੰਡਰੀ ਪੱਧਰ ’ਤੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵਿਸ਼ਿਆਂ ਅਤੇ ਸਟਰੀਮ ਦੀ ਚੋਣ ਸਬੰਧੀ ਵੱਡਾ ਬਦਲਾਅ ਕੀਤਾ ਹੈ। ਨਵੇਂ ਹੁਕਮਾਂ ਤਹਿਤ ਹੁਣ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਜਮਾਤ ਵਿੱਚ ਸਟਰੀਮ ਜਾਂ ਵਿਸ਼ੇ ਬਦਲਣ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ।
ਇਸ ਤਹਿਤ ਵਿਦਿਆਰਥੀਆਂ ਨੂੰ 12ਵੀਂ ਜਮਾਤ ਵਿੱਚ ਉਹੀ ਸਟਰੀਮ ਅਤੇ ਵਿਸ਼ੇ ਪੜ੍ਹਨੇ ਪੈਣਗੇ, ਜਿਨ੍ਹਾਂ ਦੀ ਪੜ੍ਹਾਈ ਉਨ੍ਹਾਂ ਨੇ 11ਵੀਂ ਜਮਾਤ ਵਿੱਚ ਕੀਤੀ ਹੈ। ਬੋਰਡ ਦਾ ਇਹ ਫੈਸਲਾ ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਬੋਰਡ ਨਾਲ ਸਬੰਧਤ ਨਿੱਜੀ ਸਕੂਲਾਂ ’ਤੇ ਲਾਗੂ ਹੋਵੇਗਾ। ਜਾਣਕਾਰੀ ਅਨੁਸਾਰ ਇਹ ਪ੍ਰਸਤਾਵ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਨਿਰੰਤਰਤਾ ਬਣੀ ਰਹੇਗੀ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਵਿਦਿਆਰਥੀਆਂ ਦਾ ਬੁਨਿਆਦੀ ਆਧਾਰ ਹੋਰ ਮਜ਼ਬੂਤ ਹੋਵੇਗਾ।
ਬੋਰਡ ਆਫ਼ ਡਾਇਰੈਕਟਰਜ਼ ਨੇ ਮੀਟਿੰਗ ਦੌਰਾਨ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਕਈ ਵਿਦਿਆਰਥੀ 11ਵੀਂ ਜਮਾਤ ਵਿੱਚ ਸਾਇੰਸ ਜਾਂ ਹੋਰ ਮੁਸ਼ਕਲ ਮੰਨੀ ਜਾਣ ਵਾਲੀ ਸਟਰੀਮ ਚੁਣਨ ਤੋਂ ਬਾਅਦ 12ਵੀਂ ਵਿੱਚ ਆਰਟਸ ਜਾਂ ਕਾਮਰਸ ਸਟਰੀਮ ਵਿੱਚ ਤਬਦੀਲ ਹੋ ਜਾਂਦੇ ਸਨ। ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਕਿ 11ਵੀਂ ਅਤੇ 12ਵੀਂ ਜਮਾਤ ਦਾ ਪਾਠਕ੍ਰਮ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਦੋਵੇਂ ਜਮਾਤਾਂ ਦੀ ਪੜ੍ਹਾਈ ਨੂੰ ਨਿਰੰਤਰਤਾ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ। ਜੇਕਰ ਕੋਈ ਵਿਦਿਆਰਥੀ 11ਵੀਂ ਵਿੱਚ ਕਿਸੇ ਵਿਸ਼ੇ ਦਾ ਬੁਨਿਆਦੀ ਗਿਆਨ ਹਾਸਲ ਨਹੀਂ ਕਰਦਾ ਅਤੇ ਸਿੱਧਾ 12ਵੀਂ ਵਿੱਚ ਉਹ ਵਿਸ਼ਾ ਪੜ੍ਹਦਾ ਹੈ ਤਾਂ ਉਸ ਨੂੰ ਵਿਸ਼ੇ ਦੀ ਪੂਰੀ ਸਮਝ ਵਿਕਸਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਿਊਮੈਨਿਟੀਜ਼ ਜਾਂ ਕਾਮਰਸ ਸਟਰੀਮ ਕਿਸੇ ਵੀ ਪੱਖੋਂ ਸਾਇੰਸ ਸਟਰੀਮ ਤੋਂ ਘੱਟ ਨਹੀਂ ਹਨ। ਹਰ ਸਟਰੀਮ ਦਾ ਆਪਣਾ ਮਹੱਤਵ ਅਤੇ ਭਵਿੱਖ ਵਿੱਚ ਕਰੀਅਰ ਦੇ ਵੱਖ-ਵੱਖ ਮੌਕੇ ਹਨ। ਬੋਰਡ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਦਿਲਚਸਪੀ ਅਤੇ ਸਮਰੱਥਾ ਅਨੁਸਾਰ 11ਵੀਂ ਜਮਾਤ ਵਿੱਚ ਹੀ ਸਟਰੀਮ ਅਤੇ ਵਿਸ਼ਿਆਂ ਦੀ ਚੋਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH