ਪਠਾਨਕੋਟ ’ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਦੀ ਕਾਰਵਾਈ, 4 ਗ੍ਰਿਫ਼ਤਾਰ
ਪਠਾਨਕੋਟ, 15 ਸਤੰਬਰ (ਹਿੰ.ਸ.)| ਪਠਾਨਕੋਟ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਮਾਈਨਿੰਗ ਵਿੱਚ ਕਥਿਤ ਤੌਰ ’ਤੇ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ ਇੱਕ ਪੋਕਲੇਨ ਮਸ਼ੀਨ, ਜੇਸੀਬੀ ਅਤੇ ਬਿਨਾਂ ਨੰਬਰ ਪਲੇਟ
ਪਠਾਨਕੋਟ ’ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਦੀ ਕਾਰਵਾਈ, 4 ਗ੍ਰਿਫ਼ਤਾਰ


ਪਠਾਨਕੋਟ, 15 ਸਤੰਬਰ (ਹਿੰ.ਸ.)| ਪਠਾਨਕੋਟ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਮਾਈਨਿੰਗ ਵਿੱਚ ਕਥਿਤ ਤੌਰ ’ਤੇ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ ਇੱਕ ਪੋਕਲੇਨ ਮਸ਼ੀਨ, ਜੇਸੀਬੀ ਅਤੇ ਬਿਨਾਂ ਨੰਬਰ ਪਲੇਟ ਵਾਲਾ ਟਿੱਪਰ ਜ਼ਬਤ ਕੀਤਾ ਹੈ।

ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਪੈਕਟਰ ਰਿਸ਼ੂ ਸ਼ਰਮਾ ਅਤੇ ਥਾਣਾ ਨਰੋਟ ਜੈਮਲ ਸਿੰਘ ਦੇ ਸਬ-ਇੰਸਪੈਕਟਰ ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੜਕੇ ਪਿੰਡ ਦਤਿਆਲ (ਫਿਰੋਜ਼ਾ) ਵਿੱਚ ਧੁੱਸੀ ਨੇੜੇ ਛਾਪਾ ਮਾਰਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਬਿਨਾਂ ਮਨਜ਼ੂਰੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।

ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਕੀਤੀ ਗਈ ਕਾਰਵਾਈ ਦੌਰਾਨ ਕੁਝ ਵਿਅਕਤੀ ਭਾਰੀ ਮਸ਼ੀਨਰੀ ਦੀ ਮਦਦ ਨਾਲ ਕਥਿਤ ਤੌਰ ’ਤੇ ਬਿਨਾਂ ਕਿਸੇ ਮਨਜ਼ੂਰੀ ਦੇ ਮਾਈਨਿੰਗ ਕਰਦੇ ਮਿਲੇ। ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਮੌਕੇ ’ਤੇ ਮੌਜੂਦ ਵਾਹਨ ਚਾਲਕਾਂ ਅਤੇ ਮਸ਼ੀਨ ਆਪਰੇਟਰਾਂ ਨੂੰ ਕਾਬੂ ਕਰ ਲਿਆ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਗੇਸ਼ ਕੁਮਾਰ ਉਰਫ਼ ਕਾਕਾ ਵਾਸੀ ਰਾਏਪੁਰ ਕਥਲੌਰ, ਜੋ ਪੋਕਲੇਨ ਆਪਰੇਟਰ ਵਜੋਂ ਕੰਮ ਕਰਦਾ ਸੀ, ਸੁਨੀਲ ਕੁਮਾਰ ਵਾਸੀ ਖੁਸ਼ੀਨਗਰ ਛੰਨੀ, ਜੋ ਪੋਕਲੇਨ ਹੈਲਪਰ ਹੈ, ਲਖਵਿੰਦਰ ਸਿੰਘ ਉਰਫ਼ ਲੱਕੀ ਵਾਸੀ ਪਿੰਡ ਫਤਿਹਪੁਰ, ਜੋ ਟਿੱਪਰ ਚਾਲਕ ਹੈ ਅਤੇ ਗੁਰਵਿੰਦਰ ਸਿੰਘ ਉਰਫ਼ ਲਵਲੀ ਵਾਸੀ ਪਿੰਡ ਵਜ਼ੀਰਪੁਰ ਅਫ਼ਗਾਨਾ, ਜ਼ਿਲ੍ਹਾ ਗੁਰਦਾਸਪੁਰ, ਜੋ ਜੇਸੀਬੀ ਆਪਰੇਟਰ ਹੈ, ਵਜੋਂ ਹੋਈ ਹੈ।

ਪੁਲਿਸ ਨੇ ਮੌਕੇ ਤੋਂ ਪੋਕਲੇਨ ਮਸ਼ੀਨ, ਬਿਨਾਂ ਨੰਬਰ ਪਲੇਟ ਵਾਲਾ ਟਿੱਪਰ ਅਤੇ ਜੇਸੀਬੀ ਜ਼ਬਤ ਕੀਤੇ ਹਨ। ਪੁਲਿਸ ਮੁਤਾਬਕ ਬਿਨਾਂ ਨੰਬਰ ਪਲੇਟ ਵਾਲੇ ਟਿੱਪਰ ਵਿੱਚ ਕਰੀਬ 100 ਘਣ ਫੁੱਟ ਕੱਚਾ ਮਾਲ ਭਰਿਆ ਹੋਇਆ ਸੀ। ਥਾਣਾ ਨਰੋਟ ਜੈਮਲ ਸਿੰਘ ਪੁਲਿਸ ਨੇ ਮਾਈਨਿੰਗ ਇੰਸਪੈਕਟਰ ਰਿਸ਼ੂ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਬ-ਇੰਸਪੈਕਟਰ ਮੁਨੀਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande