
ਮਾਨਸਾ, 15 ਸਤੰਬਰ (ਹਿੰ.ਸ.)| ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿੱਚ ਸੋਮਵਾਰ ਨੂੰ ਪੀਆਰਟੀਸੀ ਬੱਸ ਅਤੇ ਸਕੂਲ ਵੈਨ ਵਿਚਾਲੇ ਹੋਏ ਭਿਆਨਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਵੈਨ ਡਰਾਈਵਰ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਬੋਬੀ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਬਰੇਟਾ ਕਸਬੇ ਵਿੱਚ ਸਵੇਰੇ ਪੀਆਰਟੀਸੀ ਬੱਸ ਅਤੇ ਸਕੂਲ ਵੈਨ ਵਿਚਾਲੇ ਟੱਕਰ ਹੋ ਗਈ ਸੀ। ਹਾਦਸੇ ਵਿੱਚ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖਮੀ ਹੋਏ ਸਨ। ਇਸ ਦੌਰਾਨ ਵੈਨ ਚਾਲਕ ਬੋਬੀ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਜਦੋਂ ਸਕੂਲ ਵੈਨ ਦੇ ਨੰਬਰ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਵਾਹਨ ਸਿਹਤ ਵਿਭਾਗ ਅੰਮ੍ਰਿਤਸਰ ਦੇ ਨਾਮ 'ਤੇ ਰਜਿਸਟਰਡ ਸੀ। ਜਾਣਕਾਰੀ ਅਨੁਸਾਰ ਵਾਹਨ ਦੀ ਆਰਸੀ ਸਾਲ 2024 ਵਿੱਚ ਹੀ ਰੱਦ ਹੋ ਚੁੱਕੀ ਸੀ।
ਇਸ ਤੋਂ ਬਾਅਦ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਕਰ ਇਹ ਸਰਕਾਰੀ ਵਾਹਨ ਨੀਲਾਮ ਕੀਤਾ ਗਿਆ ਸੀ ਤਾਂ ਇਹ ਸਕੂਲ ਵੈਨ ਵਜੋਂ ਕਿਵੇਂ ਚੱਲ ਰਿਹਾ ਸੀ। ਜੇ ਵਾਹਨ ਦੀ ਨੀਲਾਮੀ ਨਹੀਂ ਹੋਈ ਤਾਂ ਇਹ ਨਿੱਜੀ ਤੌਰ 'ਤੇ ਕਿਵੇਂ ਵਰਤਿਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਕਈ ਗੰਭੀਰ ਸਵਾਲ ਉੱਠ ਰਹੇ ਹਨ। ਬਰੇਟਾ ਪੁਲਿਸ ਵੱਲੋਂ ਵੀ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਕਈ ਨਿੱਜੀ ਸਕੂਲਾਂ ਵਿੱਚ ਕਥਿਤ ਤੌਰ 'ਤੇ ਮਿਆਦ ਪੁੱਗ ਚੁੱਕੀਆਂ ਜਾਂ ਨਿਯਮਾਂ 'ਤੇ ਖਰੀਆਂ ਨਾ ਉਤਰਦੀਆਂ ਵੈਨਾਂ ਚੱਲ ਰਹੀਆਂ ਹਨ। ਇਹ ਵਾਹਨ ਰੋਜ਼ਾਨਾ ਸਕੂਲੀ ਬੱਚਿਆਂ ਨੂੰ ਲੈ ਕੇ ਸੜਕਾਂ 'ਤੇ ਚਲਦੀਆਂ ਹਨ, ਪਰ ਇਨ੍ਹਾਂ ਦੀ ਸਮੇਂ-ਸਮੇਂ 'ਤੇ ਜਾਂਚ ਨਾ ਹੋਣ ਕਾਰਨ ਬੱਚਿਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH