
ਮਹਿਲਾਵਾਂ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ
ਚੰਡੀਗੜ੍ਹ, 15 ਸਤੰਬਰ (ਹਿੰ.ਸ.)| ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੀਰੀਅਲ ਕਿਲਰ ਮੋਨੂ ਕੁਮਾਰ ਨੂੰ ਜਬਰ ਜਨਾਹ ਅਤੇ ਹੱਤਿਆ ਦੇ ਤੀਜੇ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ 60 ਸਾਲਾ ਮਹਿਲਾ ਨਾਲ ਦੁਸ਼ਕਰਮ ਤੋਂ ਬਾਅਦ ਹੱਤਿਆ ਦੇ ਮਾਮਲੇ ਵਿੱਚ ਸੁਣਾਈ ਗਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੋਨੂ ਕੁਮਾਰ ਨੇ ਪੁਲਿਸ ਪੁੱਛਗਿੱਛ ਦੌਰਾਨ ਤਿੰਨ ਮਹਿਲਾਵਾਂ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਸੀ। ਪੁਲਿਸ ਨੇ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਉਸ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਸਬੂਤ ਪੇਸ਼ ਕੀਤੇ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ। ਹਾਲਾਂਕਿ ਇੱਕ ਪੁਰਾਣੇ ਮਾਮਲੇ ਵਿੱਚ ਸਬੂਤਾਂ ਦੀ ਕਮੀ ਕਾਰਨ ਉਹ ਬਰੀ ਹੋ ਚੁੱਕਾ ਹੈ।
ਸਾਲ 2010 ਵਿੱਚ ਸੈਕਟਰ-38 ਨੇੜੇ 21 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿੱਚ ਮੋਨੂ ਦਾ ਨਾਮ ਸਾਹਮਣੇ ਆਇਆ ਸੀ। ਵਿਦਿਆਰਥਣ ਦੀ ਲਾਸ਼ ਸੈਕਟਰ-38 ਨੇੜੇ ਮਿਲੀ ਸੀ। ਇਸ ਮਾਮਲੇ ਵਿੱਚ ਕਰੀਬ 14 ਸਾਲ ਤੱਕ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਸੀ।
ਸਾਲ 2022 ਵਿੱਚ ਮਲੋਆ ਵਾਸੀ ਇੱਕ ਆਟੋ ਡਰਾਈਵਰ ਦੀ 40 ਸਾਲਾ ਪਤਨੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਮੋਨੂ ਨੇ ਆਪਣੀ ਭੂਮਿਕਾ ਕਬੂਲੀ ਸੀ। ਇਹ ਵਾਰਦਾਤ 11 ਜਨਵਰੀ 2022 ਦੀ ਰਾਤ ਦੀ ਦੱਸੀ ਗਈ ਸੀ।
ਫਰਵਰੀ 2024 ਵਿੱਚ ਸੈਕਟਰ-54 ਨੇੜੇ ਮਲੋਆ ਜੰਗਲਾਤ ਖੇਤਰ ਵਿੱਚ 60 ਸਾਲਾ ਮਹਿਲਾ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਸੀ। ਇਸੇ ਮਾਮਲੇ ਦੀ ਜਾਂਚ ਦੌਰਾਨ ਮੋਨੂ ਪੁਲਿਸ ਦੇ ਹੱਥ ਲੱਗਿਆ ਅਤੇ ਪੁੱਛਗਿੱਛ ਵਿੱਚ ਉਸ ਨੇ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਮੋਨੂ ਖ਼ਿਲਾਫ਼ ਪਹਿਲਾ ਮਾਮਲਾ ਸਾਲ 2008 ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ ਸਾਹਮਣੇ ਆਇਆ ਸੀ, ਜਿੱਥੇ ਇੱਕ ਨੌਜਵਾਨ ਲੜਕੀ ਨਾਲ ਜਬਰ ਜਨਾਹ ਅਤੇ ਹੱਤਿਆ ਦਾ ਮਾਮਲਾ ਦਰਜ ਹੋਇਆ ਸੀ।
ਜ਼ਿਲ੍ਹਾ ਅਦਾਲਤ ਨੇ 21 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ 28 ਨਵੰਬਰ 2025 ਨੂੰ ਮੋਨੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 40 ਸਾਲਾ ਮਹਿਲਾ ਦੇ ਮਾਮਲੇ ਵਿੱਚ ਅਗਸਤ 2026 ਵਿੱਚ ਉਮਰ ਕੈਦ ਦੇ ਨਾਲ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਸੀ। ਹੁਣ 60 ਸਾਲਾ ਮਹਿਲਾ ਨਾਲ ਦੁਸ਼ਕਰਮ ਅਤੇ ਹੱਤਿਆ ਦੇ ਮਾਮਲੇ ਵਿੱਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH