ਜਲਾਲਾਬਾਦ 'ਚ ਐਸਡੀਐਮ ਦਫ਼ਤਰ ਤੇ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਲਾਲਾਬਾਦ, 15 ਸਤੰਬਰ (ਹਿੰ.ਸ.)| ਸਿਟੀ ਪੁਲਿਸ ਸਟੇਸ਼ਨ ਵਿੱਚ ਹੋਏ ਬੰਬ ਧਮਾਕੇ ਤੋਂ ਦੋ ਦਿਨ ਬਾਅਦ ਮੰਗਲਵਾਰ ਸਵੇਰੇ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਅਤੇ ਪੰਜ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਾਵਧਾਨ
ਸਕੂਲ ’ਚ ਜਾਂਚ ਕਰਦੀ ਹੋਈ ਪੁਲਿਸ।


ਜਲਾਲਾਬਾਦ, 15 ਸਤੰਬਰ (ਹਿੰ.ਸ.)| ਸਿਟੀ ਪੁਲਿਸ ਸਟੇਸ਼ਨ ਵਿੱਚ ਹੋਏ ਬੰਬ ਧਮਾਕੇ ਤੋਂ ਦੋ ਦਿਨ ਬਾਅਦ ਮੰਗਲਵਾਰ ਸਵੇਰੇ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਅਤੇ ਪੰਜ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਾਵਧਾਨੀ ਵਜੋਂ ਸਕੂਲ ਖਾਲੀ ਕਰਵਾ ਦਿੱਤੇ ਗਏ। ਇਸ ਦੌਰਾਨ ਕਈ ਮਾਪੇ ਵੀ ਆਪਣੇ ਬੱਚਿਆਂ ਨੂੰ ਘਰ ਲਿਜਾਣ ਲਈ ਸਕੂਲਾਂ ਵਿੱਚ ਪਹੁੰਚ ਗਏ।

ਜਾਣਕਾਰੀ ਮੁਤਾਬਕ ਧਮਕੀ ਭਰੇ ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਦੁਪਹਿਰ 1:11 ਵਜੇ ਸਕੂਲਾਂ ਨੂੰ ਧਮਾਕੇ ਨਾਲ ਉਡਾ ਦਿੱਤਾ ਜਾਵੇਗਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਏ। ਸੁਰੱਖਿਆ ਦੇ ਮੱਦੇਨਜ਼ਰ ਐਂਟੀ-ਸੈਬੋਟਾਜ ਟੀਮ ਨੂੰ ਬੁਲਾ ਕੇ ਸਬੰਧਤ ਸਕੂਲਾਂ ਅਤੇ ਐਸਡੀਐਮ ਦਫ਼ਤਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਜਲਾਲਾਬਾਦ ਦੇ ਐਸਡੀਐਮ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਕਿ ਧਮਕੀ ਮਿਲਣ ਵਾਲੇ ਪੰਜਾਂ ਨਿੱਜੀ ਸਕੂਲਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੂਰੀ ਤਰ੍ਹਾਂ ਜਾਂਚਿਆ ਗਿਆ। ਤਲਾਸ਼ੀ ਦੌਰਾਨ ਕਿਸੇ ਵੀ ਸਕੂਲ ਵਿੱਚੋਂ ਕੋਈ ਵਿਸਫੋਟਕ ਸਮੱਗਰੀ ਜਾਂ ਹੋਰ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।

ਇਸੇ ਤਰ੍ਹਾਂ ਐਸਡੀਐਮ ਦਫ਼ਤਰ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਗਈ, ਪਰ ਉਥੋਂ ਵੀ ਕੋਈ ਸ਼ੱਕੀ ਸਮੱਗਰੀ ਨਹੀਂ ਮਿਲੀ। ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਸਥਾਨਾਂ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਰਾਹਤ ਦੀ ਸਾਹਮਣੇ ਆਈ ਹੈ।

ਧਮਕੀ ਦੀ ਖ਼ਬਰ ਫੈਲਦੇ ਹੀ ਸ਼ਹਿਰ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਸਕੂਲਾਂ ਦੇ ਬਾਹਰ ਮਾਪਿਆਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ।

ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਮੋਹਿਤ ਧਵਨ ਨੇ ਲੋਕਾਂ ਨੂੰ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਅਤੇ ਘਬਰਾਉਣ ਦੀ ਬਜਾਏ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਾਈਬਰ ਟੀਮ ਧਮਕੀ ਭਰੇ ਸੰਦੇਸ਼ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ।

ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਧਮਕੀ ਹਾਲ ਹੀ ਵਿੱਚ ਸਿਟੀ ਪੁਲਿਸ ਸਟੇਸ਼ਨ ਵਿੱਚ ਹੋਏ ਧਮਾਕੇ ਨਾਲ ਸਬੰਧਤ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਹੈ।

ਫਿਲਹਾਲ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਧਮਕੀ ਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਟੀਮ ਵੱਲੋਂ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande