ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਮੋਹਾਲੀ ਡੀਸੀ ਦਫ਼ਤਰ ਦੇ ਬਾਹਰ ਧਰਨਾ
ਲੰਮੇ ਪਾਵਰ ਕੱਟ ਤੁਰੰਤ ਬੰਦ ਕਰੇ ਸਰਕਾਰ, ਪਿੰਡਾਂ ਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਦੇਵੇ: ਪਰਵਿੰਦਰ ਸੋਹਾਣਾ ਮੋਹਾਲੀ, 16 ਸਤੰਬਰ (ਹਿੰ.ਸ.)|ਪੰਜਾਬ ਵਿੱਚ ਲੰਮੇ ਬਿਜਲੀ ਕੱਟਾਂ ਅਤੇ ਅਨਿਯਮਿਤ ਬਿਜਲੀ ਸਪਲਾਈ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਮੋਹਾਲੀ ਦੇ ਡੀਸੀ ਦਫ਼ਤਰ ਦੇ ਬਾਹ
ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ


ਲੰਮੇ ਪਾਵਰ ਕੱਟ ਤੁਰੰਤ ਬੰਦ ਕਰੇ ਸਰਕਾਰ, ਪਿੰਡਾਂ ਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਦੇਵੇ: ਪਰਵਿੰਦਰ ਸੋਹਾਣਾ

ਮੋਹਾਲੀ, 16 ਸਤੰਬਰ (ਹਿੰ.ਸ.)|ਪੰਜਾਬ ਵਿੱਚ ਲੰਮੇ ਬਿਜਲੀ ਕੱਟਾਂ ਅਤੇ ਅਨਿਯਮਿਤ ਬਿਜਲੀ ਸਪਲਾਈ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਮੋਹਾਲੀ ਦੇ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੋਹਾਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ, ਪਿੰਡਾਂ ਅਤੇ ਉਦਯੋਗਿਕ ਖੇਤਰਾਂ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ, ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਨਿਯਮਿਤ ਬਿਜਲੀ ਸਪਲਾਈ ਕਾਰਨ ਉਦਯੋਗਿਕ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਧਰਨੇ ਦੌਰਾਨ ਅਕਾਲੀ ਦਲ ਵੱਲੋਂ ਸਰਕਾਰ ਅੱਗੇ ਪੰਜ ਸੂਤਰੀ ਮੰਗਾਂ ਰੱਖੀਆਂ ਗਈਆਂ। ਇਨ੍ਹਾਂ ਵਿੱਚ ਪਿੰਡਾਂ ਅਤੇ ਉਦਯੋਗਾਂ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟ ਤੁਰੰਤ ਬੰਦ ਕਰਨਾ, ਹਰੇਕ ਖੇਤਰ ਲਈ ਬਿਜਲੀ ਕੱਟਾਂ ਦਾ ਪਹਿਲਾਂ ਤੋਂ ਜਨਤਕ ਸ਼ਡਿਊਲ ਜਾਰੀ ਕਰਨਾ, ਉਦਯੋਗਿਕ ਫੀਡਰਾਂ ’ਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ, ਖ਼ਰਾਬ ਟਰਾਂਸਫਾਰਮਰਾਂ ਅਤੇ ਬਿਜਲੀ ਲਾਈਨਾਂ ਨੂੰ ਤੁਰੰਤ ਬਦਲਣਾ ਅਤੇ ਪ੍ਰਭਾਵਿਤ ਖਪਤਕਾਰਾਂ ਤੇ ਉਦਯੋਗਾਂ ਲਈ ਢੁਕਵੀਂ ਰਾਹਤ ਦੇਣਾ ਸ਼ਾਮਲ ਹੈ।

ਸੋਹਾਣਾ ਨੇ ਮੰਗ ਕੀਤੀ ਕਿ ਜ਼ਿਲ੍ਹਾ ਪੱਧਰ ’ਤੇ ਬਿਜਲੀ ਕੱਟਾਂ ਅਤੇ ਅਸਲ ਬਿਜਲੀ ਸਪਲਾਈ ਦੀ ਸਥਿਤੀ ਬਾਰੇ ਰੋਜ਼ਾਨਾ ਜਨਤਕ ਰਿਪੋਰਟ ਜਾਰੀ ਕੀਤੀ ਜਾਵੇ, ਤਾਂ ਜੋ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਬਿਜਲੀ ਉਪਲਬਧਤਾ ਦੇ ਅੰਕੜੇ ਜਾਰੀ ਕਰਨ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ।

ਧਰਨੇ ਦੌਰਾਨ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਇਸ ਤੋਂ ਬਾਅਦ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਮੋਹਾਲੀ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਅਰੋੜਾ ਨੂੰ ਸੌਂਪਿਆ।

ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ, ਸੁਖਵਿੰਦਰ ਸਿੰਘ ਸ਼ਿੰਦੀ, ਸਰਬਜੀਤ ਸਿੰਘ ਪਾਰਸ, ਐਡਵੋਕੇਟ ਸੁਖਬੀਰ ਸਿੰਘ ਗਿੱਲ, ਹਰਜੀਤ ਸਿੰਘ ਸੀਏ ਸਮੇਤ ਹੋਰ ਆਗੂਆਂ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਲੋਕਾਂ, ਕਿਸਾਨਾਂ ਅਤੇ ਉਦਯੋਗਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਇਸ ਮਾਮਲੇ ’ਤੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਧਰਨੇ ਵਿੱਚ ਗੁਰਦੀਪ ਸਿੰਘ ਵਿੱਕੀ ਮਨੌਲੀ, ਜਗਤਾਰ ਸਿੰਘ ਧਰਮਗੜ੍ਹ, ਅਵਤਾਰ ਸਿੰਘ ਦਾਊ, ਜਰਨੈਲ ਸਿੰਘ ਬਲੌਂਗੀ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਪਰਮਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਮੋਹਾਲੀ, ਬਿਕਰਮ ਸਿੰਘ ਗੀਗੇਮਾਜਰਾ, ਬਲਵਿੰਦਰ ਸਿੰਘ ਮੋਟੇਮਾਜਰਾ, ਕੇਸਰ ਸਿੰਘ ਬਲੌਂਗੀ, ਭੁਪਿੰਦਰ ਕੌਰ ਗੋਸਲ, ਹੈਪੀ ਖਾਨ ਸਨੇਟਾ, ਕੁਲਵਿੰਦਰ ਸਿੰਘ ਕੰਬਾਲੀ, ਜਥੇਦਾਰ ਮੋਹਨ ਸਿੰਘ ਕੰਬਾਲਾ, ਬਲਵਿੰਦਰ ਸਿੰਘ ਧਾਰਨੀ, ਬਹਾਦਰ ਸਿੰਘ ਨਾਨੋ ਮਾਜਰਾ, ਬੀਬੀ ਸਤਵੰਤ ਕੌਰ ਜੋਹਲ, ਬਹਾਦਰ ਸਿੰਘ ਕੰਬਾਲੀ, ਸ਼ਵਿੰਦਰ ਸਿੰਘ ਲੱਖੋਵਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਰਹੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande