
ਕਿਹਾ- ‘ਅਨੁਸ਼ਾਸਨ’ ਦੀ ਆੜ ਹੇਠ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼, ਨਸ਼ਾ ਤਸਕਰੀ ਤੇ ਅਪਰਾਧਿਕ ਮਾਫ਼ੀਆ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਾਂਗਾ
ਤਰਨਤਾਰਨ, 16 ਸਤੰਬਰ (ਹਿੰ.ਸ.)| ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤੇ ਜਾਣ ਤੋਂ ਬਾਅਦ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੀ ਮੌਜੂਦਾ ਲੀਡਰਸ਼ਿਪ ’ਤੇ ਤਿੱਖੇ ਸਿਆਸੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਜਾਰੀ ਕੀਤਾ ਗਿਆ ਫ਼ਰਮਾਨ ਕਿਸੇ ਵਿਅਕਤੀਗਤ ਕਾਰਵਾਈ ਦੀ ਬਜਾਏ ਪਾਰਟੀ ਦੀ ਮੌਜੂਦਾ ਅਗਵਾਈ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਮਾਫ਼ੀਆ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਵੱਡੀਆਂ ਸਿਆਸੀ ਸੰਸਥਾਵਾਂ ਨੂੰ ਅਕਸਰ ਉਨ੍ਹਾਂ ਦੇ ਬਾਹਰੀ ਵਿਰੋਧੀ ਨਹੀਂ, ਸਗੋਂ ਅੰਦਰੂਨੀ ਕਮਜ਼ੋਰੀਆਂ, ਦੂਰਅੰਦੇਸ਼ੀ ਦੀ ਘਾਟ ਅਤੇ ਨੈਤਿਕ ਪੱਧਰ ’ਤੇ ਪੈਦਾ ਹੋਏ ਸੰਕਟ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਅਗਵਾਈ ਨੇ ‘ਅਨੁਸ਼ਾਸਨ’ ਦੀ ਆੜ ਹੇਠ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਨਸ਼ਾ ਤਸਕਰੀ ਨਾਲ ਜੁੜੇ ਮਾਮਲਿਆਂ ਅਤੇ ਕਥਿਤ ਅਪਰਾਧਿਕ ਗਤੀਵਿਧੀਆਂ ਸਬੰਧੀ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ। ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਥਾਣਿਆਂ ਦੇ ਰੋਜ਼ਨਾਮਚਿਆਂ ਅਤੇ ਹੋਰ ਰਿਕਾਰਡਾਂ ਵਿੱਚ ਦਰਜ ਮਾਮਲਿਆਂ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਉਨ੍ਹਾਂ ਅਕਾਲੀ ਦਲ ਦੀ ਮੌਜੂਦਾ ਸਿਆਸੀ ਦਿਸ਼ਾ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਪਾਰਟੀ ਦਹਾਕਿਆਂ ਦੇ ਸੰਘਰਸ਼ ਅਤੇ ਪੰਥਕ ਰਵਾਇਤਾਂ ਦੀ ਬੁਨਿਆਦ ’ਤੇ ਖੜ੍ਹੀ ਹੋਈ ਹੈ, ਉਸ ਦੀ ਮੌਜੂਦਾ ਅਗਵਾਈ ਨੂੰ ਆਪਣੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਸਿਆਸੀ ਮੰਚਾਂ ’ਤੇ ਥਾਂ ਦੇਣ ਅਤੇ ਟਕਸਾਲੀ ਸੋਚ ਵਾਲੇ ਆਗੂਆਂ ਨੂੰ ਬਾਹਰ ਕਰਨ ਨਾਲ ਪਾਰਟੀ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਪ੍ਰਭਾਵਿਤ ਹੋ ਰਹੀਆਂ ਹਨ।
ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਤੋਂ ਕੱਢੇ ਜਾਣ ਦਾ ਫ਼ੈਸਲਾ ਉਨ੍ਹਾਂ ਦੇ ਸਿਆਸੀ ਵਿਚਾਰਾਂ ਅਤੇ ਸਿਧਾਂਤਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਨਸ਼ਾ ਤਸਕਰੀ ਅਤੇ ਕਥਿਤ ਅਪਰਾਧਿਕ ਗਠਜੋੜਾਂ ਖ਼ਿਲਾਫ਼ ਆਪਣੀ ਆਵਾਜ਼ ਹੋਰ ਸਪੱਸ਼ਟ ਢੰਗ ਨਾਲ ਉਠਾਉਣਗੇ।
ਉਨ੍ਹਾਂ ਕਿਹਾ ਕਿ ਕਿਸੇ ਦਫ਼ਤਰੀ ਹੁਕਮ ਜਾਂ ਸਰਕੂਲਰ ਨਾਲ ਥਾਣਿਆਂ ਦੇ ਰਿਕਾਰਡ, ਅਦਾਲਤੀ ਫ਼ੈਸਲਿਆਂ ਅਤੇ ਇਤਿਹਾਸਕ ਤੱਥਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਬ੍ਰਹਮਪੁਰਾ ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਇਸ ਨਾਲ ਜੁੜੇ ਸਿਆਸੀ ਸਰਪ੍ਰਸਤਾਂ ਬਾਰੇ ਉਨ੍ਹਾਂ ਦੀ ਮੁਹਿੰਮ ਹੁਣ ਹੋਰ ਤਿੱਖੇ ਅਤੇ ਨਿਰਣਾਇਕ ਪੜਾਅ ਵਿੱਚ ਦਾਖ਼ਲ ਹੋਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH