ਪਟਿਆਲਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ, ਭੰਡਾਰ ਤੇ ਵਰਤੋਂ ’ਤੇ ਮੁਕੰਮਲ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 163 ਤਹਿਤ ਹੁਕਮ, 7 ਅਕਤੂਬਰ ਤੱਕ ਰਹੇਗੀ ਪਾਬੰਦੀ ਪਟਿਆਲਾ, 16 ਸਤੰਬਰ (ਹਿੰ.ਸ.)| ਪਟਿਆਲਾ ਜ਼ਿਲ੍ਹੇ ਵਿੱਚ ਸਿੰਥੈਟਿਕ, ਪਲਾਸਟਿਕ ਜਾਂ ਹੋਰ ਨੁਕਸਾਨਦਾਇਕ ਪਦਾਰਥ ਨਾਲ ਬਣੀ ਚਾਈਨਾ ਡੋਰ ਦੀ ਵਿਕਰੀ, ਭੰਡਾਰ ਕਰਨ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।
ਪਟਿਆਲਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ, ਭੰਡਾਰ ਤੇ ਵਰਤੋਂ ’ਤੇ ਮੁਕੰਮਲ ਪਾਬੰਦੀ


ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 163 ਤਹਿਤ ਹੁਕਮ, 7 ਅਕਤੂਬਰ ਤੱਕ ਰਹੇਗੀ ਪਾਬੰਦੀ

ਪਟਿਆਲਾ, 16 ਸਤੰਬਰ (ਹਿੰ.ਸ.)| ਪਟਿਆਲਾ ਜ਼ਿਲ੍ਹੇ ਵਿੱਚ ਸਿੰਥੈਟਿਕ, ਪਲਾਸਟਿਕ ਜਾਂ ਹੋਰ ਨੁਕਸਾਨਦਾਇਕ ਪਦਾਰਥ ਨਾਲ ਬਣੀ ਚਾਈਨਾ ਡੋਰ ਦੀ ਵਿਕਰੀ, ਭੰਡਾਰ ਕਰਨ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰਿਤਾ ਜੌਹਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ 7 ਅਕਤੂਬਰ 2026 ਤੱਕ ਲਾਗੂ ਰਹੇਗੀ।

ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਧਿਆਨ ਦਿਵਾਇਆ ਗਿਆ ਹੈ। ਸਿੰਥੈਟਿਕ ਜਾਂ ਪਲਾਸਟਿਕ ਨਾਲ ਬਣੀ ਇਹ ਡੋਰ ਆਮ ਡੋਰ ਦੇ ਮੁਕਾਬਲੇ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਨਾ ਤਾਂ ਗਲਦੀ ਹੈ ਅਤੇ ਨਾ ਹੀ ਟੁੱਟਦੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਚਾਈਨਾ ਡੋਰ ਦੀ ਵਰਤੋਂ ਕਾਰਨ ਪਤੰਗ ਉਡਾਉਣ ਵਾਲਿਆਂ ਦੇ ਹੱਥਾਂ ਅਤੇ ਉਂਗਲਾਂ ’ਤੇ ਕੱਟ ਲੱਗਣ ਤੋਂ ਇਲਾਵਾ ਸਾਈਕਲ, ਸਕੂਟਰ ਅਤੇ ਮੋਟਰਸਾਈਕਲ ਸਵਾਰਾਂ ਦੇ ਗਲ ਅਤੇ ਕੰਨਾਂ ’ਤੇ ਵੀ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਾਰਨ ਸੜਕ ਹਾਦਸੇ ਵਾਪਰਨ ਦਾ ਵੀ ਖਦਸ਼ਾ ਰਹਿੰਦਾ ਹੈ।

ਹੁਕਮਾਂ ਵਿੱਚ ਪੰਛੀਆਂ ਲਈ ਵੀ ਚਾਈਨਾ ਡੋਰ ਨੂੰ ਖ਼ਤਰਨਾਕ ਦੱਸਿਆ ਗਿਆ ਹੈ। ਪਤੰਗਾਂ ਉਡਾਉਣ ਦੌਰਾਨ ਪੰਛੀਆਂ ਦੇ ਇਸ ਡੋਰ ਵਿੱਚ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਮਰੇ ਹੋਏ ਪੰਛੀਆਂ ਦੇ ਰੁੱਖਾਂ ’ਤੇ ਲਟਕੇ ਰਹਿਣ ਨਾਲ ਬਦਬੂ ਪੈਦਾ ਹੋਣ ਅਤੇ ਵਾਤਾਵਰਣ ਦੂਸ਼ਿਤ ਹੋਣ ਦਾ ਖ਼ਦਸ਼ਾ ਵੀ ਰਹਿੰਦਾ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਵਿੱਚ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਵੱਲੋਂ ਇਹ ਕਦਮ ਮਨੁੱਖੀ ਜਾਨਾਂ ਅਤੇ ਪੰਛੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande