ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਪੰਜਾਬ ’ਚ ਬਿਜਲੀ ਦੀ ਘਾਟ ਨਹੀਂ: ਸੌਂਦ
17,281 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਬਿਨਾਂ ਕਿਸੇ ਕੱਟ ਦੇ ਪੂਰੀ ਕੀਤੀ: ਬਿਜਲੀ ਮੰਤਰੀ ਚੰਡੀਗੜ੍ਹ, 16 ਸਤੰਬਰ (ਹਿੰ.ਸ.)| ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ 150 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿ
ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ


17,281 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਬਿਨਾਂ ਕਿਸੇ ਕੱਟ ਦੇ ਪੂਰੀ ਕੀਤੀ: ਬਿਜਲੀ ਮੰਤਰੀ

ਚੰਡੀਗੜ੍ਹ, 16 ਸਤੰਬਰ (ਹਿੰ.ਸ.)| ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ 150 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ ਅਤੇ ਬਿਜਲੀ ਦੀ ਕਮੀ ਕਾਰਨ ਕਿਸੇ ਵੀ ਖੇਤਰ ਵਿੱਚ ਕੱਟ ਨਹੀਂ ਲਗਾਇਆ ਗਿਆ।

ਬਿਜਲੀ ਮੰਤਰੀ ਨੇ ਕਿਹਾ ਕਿ ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ, ਜਿਨ੍ਹਾਂ ਦੀ ਕੁੱਲ ਸਮਰੱਥਾ 150 ਮੈਗਾਵਾਟ ਹੈ, ਇਸ ਸਮੇਂ ਬੰਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਯੂਨਿਟ ਬੁੱਧਵਾਰ ਸਵੇਰ ਤੱਕ ਚਾਲੂ ਹੋਣ ਦੀ ਉਮੀਦ ਹੈ, ਜਦਕਿ ਦੂਜੇ ਯੂਨਿਟ ਨੂੰ ਚਾਲੂ ਕਰਨ ਵਿੱਚ ਕੁਝ ਹੋਰ ਦਿਨ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਸਪਲਾਈ ਨਿਰਵਿਘਨ ਬਣੀ ਹੋਈ ਹੈ ਅਤੇ ਲੋਕਾਂ ਨੂੰ ਬਿਜਲੀ ਦੀ ਕਮੀ ਕਾਰਨ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ।

ਸੌਂਦ ਨੇ ਕਿਹਾ ਕਿ ਪੰਜਾਬ ਨੇ ਹਾਲ ਹੀ ਵਿੱਚ ਲਗਾਤਾਰ ਆਪਣੀ ਵੱਧ ਰਹੀ ਬਿਜਲੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਮੁਤਾਬਕ 12 ਸਤੰਬਰ ਨੂੰ ਦੁਪਹਿਰ 2:15 ਵਜੇ 16,268 ਮੈਗਾਵਾਟ, 13 ਸਤੰਬਰ ਨੂੰ ਸਵੇਰੇ 11:45 ਵਜੇ 16,455 ਮੈਗਾਵਾਟ ਅਤੇ 14 ਸਤੰਬਰ ਨੂੰ ਦੁਪਹਿਰ 3 ਵਜੇ 17,281 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਕੀਤੀ ਗਈ।

ਬਿਜਲੀ ਮੰਤਰੀ ਨੇ ਦੱਸਿਆ ਕਿ 14 ਸਤੰਬਰ ਨੂੰ ਪੂਰੀ ਕੀਤੀ ਗਈ 17,281 ਮੈਗਾਵਾਟ ਦੀ ਮੰਗ ਪੰਜਾਬ ਵੱਲੋਂ ਹੁਣ ਤੱਕ ਪੂਰੀ ਕੀਤੀ ਗਈ ਸਭ ਤੋਂ ਵੱਧ ਬਿਜਲੀ ਮੰਗ ਹੈ। ਉਨ੍ਹਾਂ ਕਿਹਾ ਕਿ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬਾ ਆਪਣੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਰਿਹਾ ਹੈ। ਸੌਂਦ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਖਪਤਕਾਰਾਂ ਨੂੰ ਲੋੜ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande