
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਹੋਈ ਗੁੰਝਲਦਾਰ ਸਰਜਰੀ, 37 ਸਾਲਾ ਮਰੀਜ਼ ਨੂੰ ਪਤਨੀ ਨੇ ਦਿੱਤੀ ਕਿਡਨੀ
ਚੰਡੀਗੜ੍ਹ, 16 ਸਤੰਬਰ (ਹਿੰ.ਸ.)| ਸਰਕਾਰੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਅਹਿਮ ਪ੍ਰਾਪਤੀ ਦਰਜ ਕਰਦਿਆਂ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਪਟਿਆਲਾ ਵਿੱਚ ਪਹਿਲਾ ਸਫਲ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਗੁੰਝਲਦਾਰ ਸਰਜਰੀ 10 ਸਤੰਬਰ 2026 ਨੂੰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਜੀਐੱਮਸੀ ਪਟਿਆਲਾ ਕਿਡਨੀ ਟ੍ਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ।
ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਰੀਜ਼ ਅਤੇ ਉਸ ਦੀ ਪਤਨੀ ਦਾ ਇਲਾਜ ਤੇ ਸਰਜਰੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ ਅਤੇ ਪਰਿਵਾਰ ਨੂੰ ਇਸ ’ਤੇ ਕੋਈ ਖਰਚ ਨਹੀਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲਾਂ ਵਿੱਚ ਕਿਡਨੀ ਟ੍ਰਾਂਸਪਲਾਂਟ ’ਤੇ ਲਗਭਗ 8 ਤੋਂ 12 ਲੱਖ ਰੁਪਏ ਤੱਕ ਦਾ ਖਰਚ ਆ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਨਾਮੋਲ ਇਲਾਕੇ ਦੀ ਰੋਮਾਣਾ ਪੱਤੀ ਨਾਲ ਸਬੰਧਤ 37 ਸਾਲਾ ਵਿਅਕਤੀ ਮੈਂਬਰੇਨੋਪ੍ਰੋਲੀਫਰੇਟਿਵ ਗਲੋਮੇਰੂਲੋਨੇਫ੍ਰਾਈਟਿਸ (ਐੱਮਪੀਜੀਐੱਨ) ਕਾਰਨ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਤੋਂ ਪੀੜਤ ਸੀ। ਉਹ ਦਸੰਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਕਰਵਾ ਰਿਹਾ ਸੀ। ਡਾਕਟਰੀ ਜਾਂਚ ਤੋਂ ਬਾਅਦ ਉਸ ਦੀ 29 ਸਾਲਾ ਪਤਨੀ ਨੇ ਕਿਡਨੀ ਦਾਨ ਕਰਨ ਲਈ ਸਹਿਮਤੀ ਦਿੱਤੀ। ਸਿਹਤ ਮੰਤਰੀ ਨੇ ਦੱਸਿਆ ਕਿ ਟ੍ਰਾਂਸਪਲਾਂਟ ਤੋਂ ਬਾਅਦ ਮਰੀਜ਼ ਅਤੇ ਉਸ ਦੀ ਪਤਨੀ ਦੀ ਹਾਲਤ ਠੀਕ ਹੈ ਅਤੇ ਦੋਵੇਂ ਟ੍ਰਾਂਸਪਲਾਂਟ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਸਿਹਤਯਾਬ ਹੋ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਵੀਡੀਓ ਕਾਲ ਰਾਹੀਂ ਦੋਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਜਾਣਿਆ।
ਉਨ੍ਹਾਂ ਨੇ ਇਸ ਸਫਲ ਟ੍ਰਾਂਸਪਲਾਂਟ ਲਈ ਪ੍ਰੋ. ਸਰਬਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਜੀਕਲ ਟੀਮ, ਜਿਸ ਵਿੱਚ ਪ੍ਰੋ. ਐੱਚ.ਬੀ.ਐੱਸ. ਸੰਧੂ ਅਤੇ ਡਾ. ਸੁਪਰਨ ਸ਼ਰਮਾ ਸ਼ਾਮਲ ਸਨ, ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਡਾ. ਠਾਕੁਰਵੀਰ ਕੋਹਲੀ ਦੀ ਅਗਵਾਈ ਵਾਲੀ ਨੇਫ੍ਰੋਲੋਜੀ ਟੀਮ, ਡਾ. ਤਨਵੀਰ ਕੁੰਦਰਾ ਦੀ ਅਗਵਾਈ ਵਾਲੀ ਐਨੇਸਥੀਸੀਆ ਟੀਮ ਅਤੇ ਡਾਇਰੈਕਟਰ ਪ੍ਰਿੰਸੀਪਲ ਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐੱਸ. ਸਿਬੀਆ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਡਾ. ਬਲਬੀਰ ਸਿੰਘ ਨੇ ਇਸ ਮੌਕੇ ਪੀਜੀਆਈਐੱਮਈਆਰ ਚੰਡੀਗੜ੍ਹ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਰੇਨਲ ਟ੍ਰਾਂਸਪਲਾਂਟ ਸਰਜਰੀ ਅਤੇ ਰੋਟੋ-ਨਾਰਥ ਦੇ ਮੁਖੀ ਪ੍ਰੋ. ਆਸ਼ਿਸ਼ ਸ਼ਰਮਾ ਅਤੇ ਪੀਜੀਆਈ ਦੇ ਇਮਿਊਨੋਪੈਥੋਲੋਜੀ ਵਿਭਾਗ ਵੱਲੋਂ ਜੀਐੱਮਸੀ ਪਟਿਆਲਾ ਨੂੰ ਦਿੱਤੀ ਗਈ ਸਿਖਲਾਈ, ਤਕਨੀਕੀ ਸਹਾਇਤਾ, ਮਾਰਗਦਰਸ਼ਨ ਅਤੇ ਸਰਜੀਕਲ ਨਿਗਰਾਨੀ ਲਈ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH