ਬਜ਼ੁਰਗਾਂ ਦੀ ਤੰਦਰੁਸਤੀ ਲਈ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ 10 ਰੋਜ਼ਾ ਕੈਂਪ
21 ਤੋਂ 30 ਸਤੰਬਰ ਤੱਕ ਹੋਣਗੀਆਂ ਸਰੀਰਕ ਕਸਰਤ, ਯੋਗਾ, ਕੌਂਸਲਿੰਗ ਤੇ ਰਚਨਾਤਮਕ ਗਤੀਵਿਧੀਆਂ ਪਟਿਆਲਾ, 16 ਸਤੰਬਰ (ਹਿੰ.ਸ.)| ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਬਜ਼ੁਰਗਾਂ ਦੀ ਸਿਹਤ, ਤੰਦਰੁਸਤੀ ਅਤੇ ਮਾਨਸਿਕ ਤਣਾਅ ਤੋਂ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ 21 ਸਤੰਬਰ ਤ
ਬਜ਼ੁਰਗਾਂ ਦੀ ਤੰਦਰੁਸਤੀ ਲਈ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ 10 ਰੋਜ਼ਾ ਕੈਂਪ


21 ਤੋਂ 30 ਸਤੰਬਰ ਤੱਕ ਹੋਣਗੀਆਂ ਸਰੀਰਕ ਕਸਰਤ, ਯੋਗਾ, ਕੌਂਸਲਿੰਗ ਤੇ ਰਚਨਾਤਮਕ ਗਤੀਵਿਧੀਆਂ

ਪਟਿਆਲਾ, 16 ਸਤੰਬਰ (ਹਿੰ.ਸ.)| ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਬਜ਼ੁਰਗਾਂ ਦੀ ਸਿਹਤ, ਤੰਦਰੁਸਤੀ ਅਤੇ ਮਾਨਸਿਕ ਤਣਾਅ ਤੋਂ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ 21 ਸਤੰਬਰ ਤੋਂ 30 ਸਤੰਬਰ 2026 ਤੱਕ 10 ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦਾ ਸਮਾਂ ਰੋਜ਼ਾਨਾ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਵਿਅਕਤੀਆਂ ਲਈ ਸੁਰੱਖਿਅਤ, ਸੁਖਦਾਇਕ ਅਤੇ ਸਰਗਰਮ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਇਸ ਦੌਰਾਨ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਸਰੀਰਕ ਕਸਰਤ, ਸਮਾਜਿਕ ਮੇਲ-ਮਿਲਾਪ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ।

ਪ੍ਰੋ. ਗਿੱਲ ਨੇ ਕਿਹਾ ਕਿ ਵਧਦੀ ਉਮਰ ਜੀਵਨ ਦੀ ਕੁਦਰਤੀ ਪ੍ਰਕਿਰਿਆ ਹੈ, ਪਰ ਹਰ ਉਮਰ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਰਹਿਣਾ ਜ਼ਰੂਰੀ ਹੈ। ਕੈਂਪ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਬਜ਼ੁਰਗਾਂ ਨੂੰ ਉਨ੍ਹਾਂ ਦੀ ਸਿਹਤ ਅਤੇ ਲੋੜ ਮੁਤਾਬਕ ਖਾਣ-ਪੀਣ ਦੀਆਂ ਆਦਤਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਡਾਇਲਸਿਸ ਅਤੇ ਸਰਜਰੀ ਤੋਂ ਬਾਅਦ ਦੀਆਂ ਲੋੜਾਂ ਵਰਗੀਆਂ ਸਿਹਤ ਸਥਿਤੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਾਨਸਿਕ ਤਣਾਅ ਘਟਾਉਣ ਲਈ ਕੌਂਸਲਰਾਂ ਦੀ ਟੀਮ ਵੱਲੋਂ ਲੋੜੀਂਦੀ ਕੌਂਸਲਿੰਗ ਕੀਤੀ ਜਾਵੇਗੀ। ਇਸ ਦੇ ਨਾਲ ਯੋਗਾ, ਸਰੀਰਕ ਕਸਰਤ, ਖੇਡਾਂ ਨਾਲ ਸਬੰਧਤ ਰਚਨਾਤਮਕ ਗਤੀਵਿਧੀਆਂ ਅਤੇ ਫਿਜ਼ੀਓਥੈਰੇਪੀ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਬਜ਼ੁਰਗਾਂ ਲਈ ਮਨੋਰੰਜਨ ਅਤੇ ਹੋਰ ਗਤੀਵਿਧੀਆਂ ਦੇ ਮਾਹਿਰ ਵੀ ਉਪਲਬਧ ਰਹਿਣਗੇ।

ਵਾਈਸ ਚਾਂਸਲਰ ਨੇ ਦੱਸਿਆ ਕਿ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਬਜ਼ੁਰਗਾਂ ਨੂੰ ਲਿਆਉਣ ਅਤੇ ਛੱਡਣ ਲਈ ਬੱਸ ਸੇਵਾ ਦੀ ਸਹੂਲਤ ਵੀ ਦਿੱਤੀ ਜਾਵੇਗੀ। ਹੁਣ ਤੱਕ 107 ਮੈਂਬਰ ਰਜਿਸਟਰਡ ਹੋ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਅਜਿਹੇ ਕੈਂਪਾਂ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਸਮਾਜ ਦਾ ਮਹੱਤਵਪੂਰਨ ਹਿੱਸਾ ਹੋਣ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਵੀ ਧਿਆਨ ਦਿੱਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande