ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਚੈਕਿੰਗ ਤੇ ਸੈਂਪਲਿੰਗ ਵਧਾਉਣ ਦੇ ਦਿੱਤੇ ਨਿਰਦੇਸ਼
ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ, ਫੂਡ ਸਟਾਲਾਂ ਤੇ ਸਕੂਲਾਂ ਵਿੱਚ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਦੇ ਹੁਕਮ ਕਪੂਰਥਲਾ, 16 ਸਤੰਬਰ (ਹਿੰ.ਸ.)| ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਫੂਡ ਸੇਫਟੀ ਵਿੰਗ ਨੂੰ ਜ਼ਿਲ੍ਹੇ ਵਿੱਚ ਚੈਕਿੰ
ਮੀਟਿੰਗ ਕਰਦੇ ਹੋਏ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ


ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ, ਫੂਡ ਸਟਾਲਾਂ ਤੇ ਸਕੂਲਾਂ ਵਿੱਚ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਦੇ ਹੁਕਮ

ਕਪੂਰਥਲਾ, 16 ਸਤੰਬਰ (ਹਿੰ.ਸ.)| ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਫੂਡ ਸੇਫਟੀ ਵਿੰਗ ਨੂੰ ਜ਼ਿਲ੍ਹੇ ਵਿੱਚ ਚੈਕਿੰਗ ਤੇਜ਼ ਕਰਨ ਅਤੇ ਖਾਧ ਪਦਾਰਥਾਂ ਦੀ ਸੈਂਪਲਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਉਹ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਜਿਸ ਦੌਰਾਨ ਫੂਡ ਸੇਫਟੀ ਵਿੰਗ ਦੇ ਕੰਮਕਾਜ, ਸੈਂਪਲਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਖਾਣ-ਪੀਣ ਦੀਆਂ ਦੁਕਾਨਾਂ ਅਤੇ ਹੋਰ ਸੰਸਥਾਵਾਂ ਦੀ ਨਿਯਮਤ ਜਾਂਚ ਕਰਨ ਦੇ ਨਾਲ-ਨਾਲ ਸੂਬੇ ਦੇ ਹੋਰ ਹਿੱਸਿਆਂ ਤੋਂ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਖਾਧ ਪਦਾਰਥਾਂ ਵਾਲੇ ਵਾਹਨਾਂ ਦੀ ਵੀ ਚੈਕਿੰਗ ਕਰਨ ਲਈ ਕਿਹਾ। ਉਨ੍ਹਾਂ ਘੱਟੋ-ਘੱਟ ਤਿੰਨ ਸਕੂਲਾਂ ਵਿੱਚ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਅਤੇ ਸੈਂਪਲਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਸ਼ਾਲੀਮਾਰ ਬਾਗ, ਮਾਲ ਰੋਡ, ਫਗਵਾੜਾ ਦੇ ਹਰਗੋਬਿੰਦ ਨਗਰ ਸਮੇਤ ਹੋਰ ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਲੱਗੇ ਫੂਡ ਸਟਾਲਾਂ ਦੀ ਚੈਕਿੰਗ ਵੀ ਤੇਜ਼ ਕਰਨ ਲਈ ਕਿਹਾ। ਅਕਾਸ਼ ਬਾਂਸਲ ਨੇ ਮਿਠਾਈਆਂ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਫਾਸਟ ਫੂਡ ਕਾਰੋਬਾਰੀਆਂ ਸਮੇਤ ਤੇਲ ਦੀ ਵਰਤੋਂ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜਿਸ ਖਾਣਾ ਪਕਾਉਣ ਵਾਲੇ ਤੇਲ ਵਿੱਚ ਟੋਟਲ ਪੋਲਰ ਕੰਪਾਊਂਡਸ ਦੀ ਮਾਤਰਾ 25 ਫੀਸਦੀ ਤੋਂ ਵੱਧ ਹੋ ਜਾਵੇ, ਉਸ ਨੂੰ ਅਗਲੀ ਵਰਤੋਂ ਤੋਂ ਪਹਿਲਾਂ ਤਾਜ਼ੇ ਤੇਲ ਨਾਲ ਟੌਪ-ਅੱਪ ਕੀਤਾ ਜਾਵੇ ਜਾਂ ਖੁਰਾਕ ਲੜੀ ਵਿੱਚੋਂ ਹਟਾ ਕੇ ਰੱਦ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਸਕੂਲਾਂ ਦੇ 50 ਮੀਟਰ ਦੇ ਘੇਰੇ ਵਿੱਚ ਸ਼ਹਿਰੀ ਖੇਤਰਾਂ ਅਤੇ 100 ਮੀਟਰ ਦੇ ਘੇਰੇ ਵਿੱਚ ਦਿਹਾਤੀ ਖੇਤਰਾਂ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲਾਗੂ ਪਾਬੰਦੀ ਦੀ ਨਿਯਮਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਸਾਰੇ ਆਂਗਣਵਾੜੀ ਕੇਂਦਰਾਂ ਦੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਕੋਲ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਜ਼ਰੂਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande