
ਦਸ਼ਮੇਸ਼ ਆਡੀਟੋਰੀਅਮ ਵਿੱਚ ਖਚਾਖਚ ਭਰੇ ਹਾਲ ਨੇ ਮਾਣਿਆ ਨਾਟਕ ਦਾ ਆਨੰਦ, 17 ਸਤੰਬਰ ਨੂੰ ਵੀ ਹੋਣਗੇ ਦੁਪਹਿਰ ਤੇ ਸ਼ਾਮ ਦੇ ਸ਼ੋਅਅੰਮ੍ਰਿਤਸਰ, 17 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਵਿਸ਼ਵ ਪੱਧਰੀ ਨਾਟਕ ‘ਹਮਾਰੇ ਰਾਮ’ ਦਾ ਪਹਿਲਾ ਸ਼ੋਅ ਕਰਵਾਇਆ ਗਿਆ। ਨਾਟਕ ਵਿੱਚ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦੀ ਭੂਮਿਕਾ ਵਿੱਚ ਕੀਤੀ ਗਈ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਅੰਮ੍ਰਿਤਸਰ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੀਪ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਡਾ. ਅਜੇ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 12 ਸ਼ਹਿਰਾਂ ਵਿੱਚ ‘ਹਮਾਰੇ ਰਾਮ’ ਨਾਟਕ ਦੇ ਕੁੱਲ 41 ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਨਾਟਕ ਦੇ ਚਾਰ ਸ਼ੋਅ ਹੋਣੇ ਹਨ। ਉਨ੍ਹਾਂ ਕਿਹਾ ਕਿ ਨਾਟਕ ਰਾਹੀਂ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਸੱਚ, ਧਰਮ, ਦਇਆ, ਏਕਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਨਾਟਕੀ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਡਾ. ਅਜੇ ਗੁਪਤਾ ਨੇ ਕਿਹਾ ਕਿ ਸਾਰੇ ਸ਼ੋਅ ਦਰਸ਼ਕਾਂ ਲਈ ਮੁਫ਼ਤ ਰੱਖੇ ਗਏ ਹਨ, ਤਾਂ ਜੋ ਹਰ ਵਰਗ ਦੇ ਲੋਕ ਨਾਟਕ ਦੇਖ ਸਕਣ ਅਤੇ ਭਾਰਤ ਦੀ ਸੱਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀਆਂ ਰਵਾਇਤੀ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਸਹਾਇਕ ਹੁੰਦੇ ਹਨ।ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ‘ਹਮਾਰੇ ਰਾਮ’ ਰਾਮਾਇਣ ਦੇ ਅਧਿਆਤਮਿਕ ਅਤੇ ਨੈਤਿਕ ਪੱਖਾਂ ਨੂੰ ਨਾਟਕੀ ਰੂਪ ਵਿੱਚ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਸੱਚ, ਧਰਮ, ਦਇਆ ਅਤੇ ਸਦਭਾਵਨਾ ਨਾਲ ਜੁੜੇ ਭਗਵਾਨ ਸ੍ਰੀ ਰਾਮ ਦੇ ਆਦਰਸ਼ ਅੱਜ ਵੀ ਪ੍ਰਸੰਗਿਕ ਹਨ ਅਤੇ ਨਾਟਕ ਇਨ੍ਹਾਂ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮਾਧਿਅਮ ਬਣ ਰਿਹਾ ਹੈ।ਸਨਾਤਨ ਸੇਵਾ ਸੰਮਤੀ ਦੇ ਮਾਝਾ ਜ਼ੋਨ ਦੇ ਇੰਚਾਰਜ ਪ੍ਰਣਵ ਧਵਨ ਨੇ ਦੱਸਿਆ ਕਿ ‘ਹਮਾਰੇ ਰਾਮ’ ਵਾਲਮੀਕਿ ਰਾਮਾਇਣ ਦੇ ਅਧਿਆਤਮਿਕ ਤੱਤਾਂ ਨਾਲ ਜੁੜਿਆ ਵੱਡੇ ਪੱਧਰ ਦਾ ਨਾਟਕ ਹੈ। ਗੌਰਵ ਭਾਰਦਵਾਜ ਵੱਲੋਂ ਨਿਰਦੇਸ਼ਿਤ ਅਤੇ ਫੈਲੀਸਿਟੀ ਥੀਏਟਰ ਵੱਲੋਂ ਨਿਰਮਿਤ ਇਸ ਨਾਟਕ ਵਿੱਚ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ। ਨਾਟਕ ਵਿੱਚ ਸੈੱਟ, ਐਲਈਡੀ ਦ੍ਰਿਸ਼, ਮੂਲ ਸੰਗੀਤ, ਨ੍ਰਿਤ-ਨਿਰਦੇਸ਼ਨ, ਰਵਾਇਤੀ ਪਹਿਰਾਵਿਆਂ ਅਤੇ ਵਿਸ਼ੇਸ਼ ਪ੍ਰਭਾਵਾਂ ਦਾ ਸੁਮੇਲ ਪੇਸ਼ ਕੀਤਾ ਗਿਆ ਹੈ।ਪਹਿਲੇ ਸ਼ੋਅ ਦੌਰਾਨ ਖਚਾਖਚ ਭਰੇ ਆਡੀਟੋਰੀਅਮ ਵਿੱਚ ਦਰਸ਼ਕ ਸ਼ੁਰੂ ਤੋਂ ਅੰਤ ਤੱਕ ਨਾਟਕ ਨਾਲ ਜੁੜੇ ਰਹੇ। ਪ੍ਰਭਾਵਸ਼ਾਲੀ ਸੰਵਾਦਾਂ, ਸੰਗੀਤ, ਦ੍ਰਿਸ਼ਾਂ ਅਤੇ ਸਟੇਜ ਪੇਸ਼ਕਾਰੀ ਦੇ ਨਾਲ ਆਸ਼ੂਤੋਸ਼ ਰਾਣਾ ਦੀ ਰਾਵਣ ਵਜੋਂ ਅਦਾਕਾਰੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਅਤੇ ਤਾੜੀਆਂ ਨਾਲ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਇਸ ਮੌਕੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਵਧੀਕ ਡਿਪਟੀ ਕਮਿਸ਼ਨਰ ਪਲਵੀ ਮਿਸ਼ਰਾ, ਐਸ.ਡੀ.ਐਮ. ਅਲਕਾ ਕਾਲੀਆ, ਐਸ.ਡੀ.ਐਮ. ਰਜਨੀਸ਼ ਅਰੋੜਾ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH