
ਤਰਨਤਾਰਨ, 17 ਸਤੰਬਰ (ਹਿੰ.ਸ.)| ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਕਥਿਤ ਹੈਰੋਇਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 7 ਕਿਲੋ 749 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਪੁਲ ਡਰੇਨ ਮੁਗਲਚੱਕ ਵਿਖੇ ਨਾਕਾਬੰਦੀ ਦੌਰਾਨ ਕੀਤੀ ਗਈ।
ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐੱਸ.ਐੱਸ.ਪੀ. ਤਰਨਤਾਰਨ ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ਤਹਿਤ ਤਰਨਤਾਰਨ ਪੁਲਿਸ ਵੱਲੋਂ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਤਰਨਤਾਰਨ ਨੂੰ ਇਹ ਸਫਲਤਾ ਮਿਲੀ।
ਸੀ.ਆਈ.ਏ. ਸਟਾਫ਼ ਦੇ ਏ.ਐੱਸ.ਆਈ. ਸ਼ੇਰ ਸਿੰਘ ਪੁਲਿਸ ਟੀਮ ਸਮੇਤ ਖਾਲੜਾ ਪਿੰਡ ਅਤੇ ਮਰੀਮੇਗਾ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਜਗਤਬੀਰ ਸਿੰਘ ਵਾਸੀ ਮਰੀਮੇਗਾ ਅਤੇ ਰਣਜੀਤ ਸਿੰਘ ਵਾਸੀ ਨਾਰਲਾ ਕਥਿਤ ਤੌਰ ’ਤੇ ਹੈਰੋਇਨ ਦੀ ਤਸਕਰੀ ਕਰਦੇ ਹਨ।
ਪੁਲਿਸ ਮੁਤਾਬਕ, ਦੋਵੇਂ ਮੁਲਜ਼ਮ ਖਾਲੜਾ ਵੱਲੋਂ ਹੈਰੋਇਨ ਦੀ ਸਪਲਾਈ ਕਰਨ ਲਈ ਆ ਰਹੇ ਸਨ। ਸੂਚਨਾ ਦੇ ਆਧਾਰ ’ਤੇ ਪੁਲ ਡਰੇਨ ਮੁਗਲਚੱਕ ਵਿਖੇ ਨਾਕਾਬੰਦੀ ਕੀਤੀ ਗਈ।
ਨਾਕਾਬੰਦੀ ਦੌਰਾਨ ਪੁਲਿਸ ਨੇ ਮੋਟਰਸਾਈਕਲ ’ਤੇ ਸਵਾਰ ਦੋਵਾਂ ਵਿਅਕਤੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਕਿਲੋ 749 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਖਾਲੜਾ ਵਿੱਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜੀਆਂ ਹੋਰ ਕੜੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH