
ਜਲੰਧਰ, 17 ਸਤੰਬਰ (ਹਿੰ.ਸ.)| ਜਲੰਧਰ ਦੇ ਥਾਣਾ ਰਾਮਾ ਮੰਡੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੁਰੂ ਨਾਨਕਪੁਰਾ ਈਸਟ ਇਲਾਕੇ ਵਿੱਚ ਕਾਰਵਾਈ ਕਰਦਿਆਂ ਦੋ ਲਗਜ਼ਰੀ ਕਾਰਾਂ ਵਿੱਚੋਂ ਕੁੱਲ 83 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮਾਰੂਤੀ ਬਰੀਜ਼ਾ ਅਤੇ ਮਾਰੂਤੀ ਬਲੇਨੋ ਕਾਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਵਰੁਣ ਕਪੂਰ, ਨਿਤਿਨ ਨਾਗਪਾਲ ਉਰਫ਼ ਨੰਦੂ ਅਤੇ ਰਾਜੀਵ ਉਰਫ਼ ਜੀਬਾ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੇ ਏਐੱਸਆਈ ਰਣਜੀਤ ਪਾਲ ਪੁਲਿਸ ਟੀਮ ਸਮੇਤ ਗਸ਼ਤ ਅਤੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਜਾਂਚ ਲਈ ਜਲੰਧਰ ਦੇ ਭਾਰਤ ਨਗਰ ਫਾਟਕ ਨੇੜੇ ਮੌਜੂਦ ਸਨ। ਇਸ ਦੌਰਾਨ ਇੱਕ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਵਰੁਣ ਕਪੂਰ ਵਾਸੀ ਲਕਸ਼ਮੀਪੁਰਾ, ਨਿਤਿਨ ਨਾਗਪਾਲ ਉਰਫ਼ ਨੰਦੂ ਵਾਸੀ ਕੋਟ ਕਿਸ਼ਨ ਚੰਦ ਅਤੇ ਰਾਜੀਵ ਉਰਫ਼ ਜੀਬਾ ਵਾਸੀ ਸ਼ੰਕਰਪੁਰਾ, ਕੋਟ ਕਿਸ਼ਨ ਚੰਦ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ।
ਸੂਚਨਾ ਮੁਤਾਬਕ ਤਿੰਨੇ ਮੁਲਜ਼ਮ ਦੋ ਚਿੱਟੇ ਰੰਗ ਦੀਆਂ ਕਾਰਾਂ ਵਿੱਚ ਸ਼ਰਾਬ ਲੱਦ ਕੇ ਗੁਰੂ ਨਾਨਕਪੁਰਾ ਈਸਟ ਦੀ ਗਲੀ ਨੰਬਰ 8 ਵਿੱਚ ਮਕਾਨ ਨੰਬਰ 694 ਦੇ ਬਾਹਰ ਗਾਹਕਾਂ ਦੀ ਉਡੀਕ ਕਰ ਰਹੇ ਸਨ। ਇਸ ਤੋਂ ਬਾਅਦ ਏਐੱਸਆਈ ਰਣਜੀਤ ਪਾਲ ਨੇ ਆਬਕਾਰੀ ਇੰਸਪੈਕਟਰ ਮੋਹਿਤ ਸੇਠੀ ਅਤੇ ਜਸ਼ਨ ਸਿੰਘ ਨੂੰ ਸੂਚਿਤ ਕੀਤਾ। ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਦੱਸੇ ਗਏ ਸਥਾਨ ’ਤੇ ਛਾਪੇਮਾਰੀ ਕੀਤੀ।
ਪੁਲਿਸ ਟੀਮ ਜਦੋਂ ਮੌਕੇ ’ਤੇ ਪਹੁੰਚੀ ਤਾਂ ਗਲੀ ਵਿੱਚ ਦੋਵੇਂ ਕਾਰਾਂ ਖੜ੍ਹੀਆਂ ਮਿਲੀਆਂ। ਪੁਲਿਸ ਵੱਲੋਂ ਕੀਤੀ ਤਲਾਸ਼ੀ ਦੌਰਾਨ ਮਾਰੂਤੀ ਬਰੀਜ਼ਾ ਵਿੱਚੋਂ ਪੰਜਾਬ ਕਿੰਗਜ਼ ਮਾਰਕ ਦੀਆਂ 40 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਇਸੇ ਤਰ੍ਹਾਂ ਮਾਰੂਤੀ ਬਲੇਨੋ ਵਿੱਚੋਂ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰ ਮਾਰਕ ਦੀਆਂ 43 ਪੇਟੀਆਂ ਸ਼ਰਾਬ ਮਿਲੀ। ਇਸ ਤਰ੍ਹਾਂ ਦੋਵੇਂ ਵਾਹਨਾਂ ਵਿੱਚੋਂ ਕੁੱਲ 83 ਪੇਟੀਆਂ ਨਾਜਾਇਜ਼ ਸ਼ਰਾਬ, ਜਿਸ ਦੀ ਮਾਤਰਾ 7.47 ਲੱਖ ਮਿਲੀਲੀਟਰ ਤੋਂ ਵੱਧ ਦੱਸੀ ਗਈ ਹੈ, ਬਰਾਮਦ ਕੀਤੀ ਗਈ।
ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ’ਤੇ ਆਜ਼ਾਦ ਗਵਾਹਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਨਿੱਜੀ ਮਜਬੂਰੀਆਂ ਦੱਸਦਿਆਂ ਗਵਾਹ ਬਣਨ ਤੋਂ ਅਸਮਰੱਥਤਾ ਜਤਾਈ। ਪੁਲਿਸ ਨੇ ਨਿਯਮਾਂ ਅਨੁਸਾਰ ਬਰਾਮਦ ਸ਼ਰਾਬ ਦੇ ਨਮੂਨੇ ਲੈ ਕੇ ਪਲਾਸਟਿਕ ਦੇ ਕੈਨਾਂ ਵਿੱਚ ਸੀਲ ਕੀਤੇ ਅਤੇ ਸੀਲ ’ਤੇ ‘ਆਰਪੀ’ ਦੀ ਮੋਹਰ ਲਗਾਈ। ਦੋਵੇਂ ਵਾਹਨਾਂ ਅਤੇ ਬਰਾਮਦ ਸ਼ਰਾਬ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਥਾਣਾ ਰਾਮਾ ਮੰਡੀ, ਕਮਿਸ਼ਨਰੇਟ ਜਲੰਧਰ ਵਿੱਚ ਤਿੰਨਾਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ‘ਦ ਪੰਜਾਬ ਆਬਕਾਰੀ ਐਕਟ, 1914’ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਸ਼ਰਾਬ ਦੀ ਖੇਪ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH