ਸੰਤ ਬਾਬਾ ਈਸ਼ਰ ਸਿੰਘ ਜੀ ਨੇ ਨਾਮ-ਸਿਮਰਨ, ਗੁਰਬਾਣੀ ਤੇ ਸੇਵਾ ਰਾਹੀਂ ਮਾਨਵਤਾ ਨੂੰ ਦਿਖਾਇਆ ਸਹੀ ਰਾਹ: ਨਾਇਬ ਸਿੰਘ ਸੈਣੀ
ਪਿਹੋਵਾ ਵਿੱਚ 51ਵੇਂ ਬਰਸੀ ਸਮਾਗਮ ’ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 21 ਲੱਖ ਰੁਪਏ ਦੀ ਭੇਟਾ ਦੇਣ ਦਾ ਐਲਾਨ ਚੰਡੀਗੜ੍ਹ, 17 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦਾ ਜੀਵਨ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਾ
ਸੰਤ ਬਾਬਾ ਇਸ਼ਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਰਿਆਣਾ ਦੇ ਮੁੱਖ ਮੰਤਰੀ


ਪਿਹੋਵਾ ਵਿੱਚ 51ਵੇਂ ਬਰਸੀ ਸਮਾਗਮ ’ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 21 ਲੱਖ ਰੁਪਏ ਦੀ ਭੇਟਾ ਦੇਣ ਦਾ ਐਲਾਨ

ਚੰਡੀਗੜ੍ਹ, 17 ਸਤੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦਾ ਜੀਵਨ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਹੁੰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਆਪਣਾ ਜੀਵਨ ਨਾਮ-ਸਿਮਰਨ, ਗੁਰਬਾਣੀ, ਕੀਰਤਨ, ਸੇਵਾ ਅਤੇ ਮਾਨਵ ਕਲਿਆਣ ਨੂੰ ਸਮਰਪਿਤ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸੇਵਾ ਦੀ ਪਰੰਪਰਾ ਅੱਜ ਵੀ ਲੋਕਾਂ ਨੂੰ ਪ੍ਰੇਰਣਾ ਦੇ ਰਹੀ ਹੈ।

ਮੁੱਖ ਮੰਤਰੀ ਪਿਹੋਵਾ ਦੇ ਜੁਰਾਸੀ ਸਥਿਤ ਸੰਤ ਬਾਬਾ ਈਸ਼ਰ ਸਿੰਘ ਦਰਬਾਰ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ 51ਵੇਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਸੰਤ ਨੂੰ ਸ਼ਰਧਾਪੂਰਵਕ ਨਮਨ ਕੀਤਾ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 21 ਲੱਖ ਰੁਪਏ ਦੀ ਭੇਟਾ ਦੇਣ ਦਾ ਐਲਾਨ ਵੀ ਕੀਤਾ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਮਹਾਪੁਰਸ਼ ਦੀ ਬਰਸੀ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਯਾਦ ਕਰਨ ਦਾ ਮੌਕਾ ਨਹੀਂ ਹੁੰਦੀ, ਸਗੋਂ ਉਨ੍ਹਾਂ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲੈਣ ਦਾ ਵੀ ਮੌਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਤ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹਿੰਦੇ, ਪਰ ਉਨ੍ਹਾਂ ਦੀ ਬਾਣੀ, ਵਿਚਾਰਧਾਰਾ ਅਤੇ ਸੇਵਾ ਦੀ ਪਰੰਪਰਾ ਸਮਾਜ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹਿੰਦੀ ਹੈ।

ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 5 ਅਗਸਤ 1905 ਨੂੰ ਪਿੰਡ ਆਲੋਵਾਲ ਵਿੱਚ ਮਾਤਾ ਰਤਨ ਕੌਰ ਅਤੇ ਸਰਦਾਰ ਰਾਮ ਸਿੰਘ ਨੰਬਰਦਾਰ ਦੇ ਘਰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਮ ਗੁਲਾਬ ਸਿੰਘ ਸੀ। ਜਵਾਨੀ ਦੌਰਾਨ ਉਨ੍ਹਾਂ ਨੂੰ ਸੰਤ ਅੱਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਸਾਨਿਧ ਅਤੇ ਮਾਰਗਦਰਸ਼ਨ ਪ੍ਰਾਪਤ ਹੋਇਆ। ਉਨ੍ਹਾਂ ਦੀ ਪ੍ਰੇਰਣਾ ਨਾਲ ਗੁਲਾਬ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਈਸ਼ਰ ਸਿੰਘ ਨਾਮ ਪ੍ਰਾਪਤ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿਮਰਨ, ਸੇਵਾ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸੇਵਾ ਅਤੇ ਮਾਨਵ ਕਲਿਆਣ ਦੀ ਭਾਵਨਾ ਨੂੰ ਅੱਗੇ ਵਧਾਉਣਾ ਹੀ ਅਜਿਹੇ ਮਹਾਨ ਸੰਤਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਬਾਬਾ ਮਣੀ ਸਿੰਘ ਜੀ ਦੀ ਅਗਵਾਈ ਹੇਠ 51ਵਾਂ ਬਰਸੀ ਸਮਾਗਮ ਪੂਰੀ ਸ਼ਰਧਾ ਅਤੇ ਧਾਰਮਿਕ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਅਤੇ ਸਹਜ ਪਾਠ ਸਾਹਿਬ ਦੇ ਭੋਗ, ਧਾਰਮਿਕ ਦੀਵਾਨ, ਸੰਤ ਸਮਾਗਮ, ਕਵੀ ਦਰਬਾਰ, ਅਰਦਾਸ ਅਤੇ ਅੰਮ੍ਰਿਤ ਸੰਚਾਰ ਸਮੇਤ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸੰਗਤ ਨੂੰ ਗੁਰੂ-ਘਰ ਨਾਲ ਜੋੜਨ ਅਤੇ ਸੰਤਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹਨ।

ਇਸ ਮੌਕੇ ਮੁੱਖ ਜਥੇਦਾਰ ਬਾਬਾ ਮਣੀ ਸਿੰਘ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਸੀਨੀਅਰ ਭਾਜਪਾ ਆਗੂ ਜੈਭਗਵਾਨ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਕੰਵਲਜੀਤ ਕੌਰ ਮੌਰ, ਬਾਬਾ ਸੁਰਜੀਤ ਸਿੰਘ, ਬਾਬਾ ਦਿਲਬਾਗ ਸਿੰਘ, ਸਰਪੰਚ ਨਿਸ਼ਾਨ ਸਿੰਘ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ ਅਤੇ ਡਿਪਟੀ ਕਮਿਸ਼ਨਰ ਵਿਸ਼ਰਾਮ ਮੀਣਾ ਸਮੇਤ ਕਈ ਪਤਵੰਤੇ ਮੌਜੂਦ ਸਨ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande