ਜਲੰਧਰ ਦੇ ਪ੍ਰਭਦੀਪ ਨੇ ਡੈਬਿਊ ਟੂਰਨਾਮੈਂਟ ਵਿੱਚ ਭਾਰਤ ਨੂੰ ਦਿਵਾਇਆ ਜੂਨੀਅਰ ਏਸ਼ੀਆ ਕੱਪ ਦਾ ਸੋਨ ਤਮਗਾ
ਪਿਤਾ ਨੇ ਘਰ ਦੇ ਬਾਹਰ ਇੱਟਾਂ ਰੱਖ ਕੇ ਕਰਵਾਈ ਸੀ ਹਾਕੀ ਦੀ ਸਿਖਲਾਈ, ਹੁਣ ਭਾਰਤੀ ਸੀਨੀਅਰ ਟੀਮ ਵਿੱਚ ਜਗ੍ਹਾ ਬਣਾਉਣਾ ਅਗਲਾ ਟੀਚਾ ਜਲੰਧਰ, 18 ਸਤੰਬਰ (ਹਿੰ.ਸ.)| ਜਲੰਧਰ ਦੀ ਮਿੱਠੂ ਬਸਤੀ ਦੇ ਰਹਿਣ ਵਾਲੇ 20 ਸਾਲਾ ਹਾਕੀ ਖਿਡਾਰੀ ਪ੍ਰਭਦੀਪ ਸਿੰਘ ਨੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰ
ਪ੍ਰਦੀਪ ਦਾ ਘਰ ਪਹੁੰਚਣ ’ਤੇ ਸਵਾਗਤ ਕਰਦੇ ਪਰਿਵਾਰਕ ਮੈਂਬਰ।


ਪਿਤਾ ਨੇ ਘਰ ਦੇ ਬਾਹਰ ਇੱਟਾਂ ਰੱਖ ਕੇ ਕਰਵਾਈ ਸੀ ਹਾਕੀ ਦੀ ਸਿਖਲਾਈ, ਹੁਣ ਭਾਰਤੀ ਸੀਨੀਅਰ ਟੀਮ ਵਿੱਚ ਜਗ੍ਹਾ ਬਣਾਉਣਾ ਅਗਲਾ ਟੀਚਾ

ਜਲੰਧਰ, 18 ਸਤੰਬਰ (ਹਿੰ.ਸ.)| ਜਲੰਧਰ ਦੀ ਮਿੱਠੂ ਬਸਤੀ ਦੇ ਰਹਿਣ ਵਾਲੇ 20 ਸਾਲਾ ਹਾਕੀ ਖਿਡਾਰੀ ਪ੍ਰਭਦੀਪ ਸਿੰਘ ਨੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਸੋਨ ਤਮਗਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਚੀਨ ਵਿੱਚ 4 ਤੋਂ 13 ਸਤੰਬਰ ਤੱਕ ਕਰਵਾਏ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਪ੍ਰਭਦੀਪ ਨੇ ਟੂਰਨਾਮੈਂਟ ਦੇ ਹਰ ਮੁਕਾਬਲੇ ਵਿੱਚ ਗੋਲ ਕਰਕੇ ਭਾਰਤੀ ਜੂਨੀਅਰ ਹਾਕੀ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ।

ਜਲੰਧਰ ਵਾਪਸੀ ’ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਪ੍ਰਭਦੀਪ ਦਾ ਢੋਲ-ਨਗਾੜਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੀ ਕਾਮਯਾਬੀ ਬਾਰੇ ਗੱਲ ਕਰਦਿਆਂ ਪ੍ਰਭਦੀਪ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਸੀ ਅਤੇ ਭਾਰਤ ਲਈ ਸੋਨ ਤਮਗਾ ਜਿੱਤਣਾ ਉਨ੍ਹਾਂ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਦੱਸਿਆ ਕਿ ਕੋਰੀਆ, ਜਾਪਾਨ, ਮਲੇਸ਼ੀਆ ਅਤੇ ਪਾਕਿਸਤਾਨ ਵਰਗੀਆਂ ਟੀਮਾਂ ਖ਼ਿਲਾਫ਼ ਮੁਕਾਬਲੇ ਚੁਣੌਤੀਪੂਰਨ ਰਹੇ, ਪਰ ਟੀਮ ਦੀ ਮਜ਼ਬੂਤ ਸਾਂਝ ਅਤੇ ਮਿਹਨਤ ਸਦਕਾ ਜਿੱਤ ਹਾਸਲ ਕੀਤੀ ਗਈ।

ਪ੍ਰਭਦੀਪ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਿਤਾ ਰਾਜਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪ੍ਰਭਦੀਪ 8-9 ਸਾਲ ਦਾ ਸੀ ਤਾਂ ਉਸ ਨੂੰ ਕ੍ਰਿਕਟ ਪਸੰਦ ਸੀ। ਇੱਕ ਦਿਨ ਉਸ ਨੇ ਹਾਕੀ ਖੇਡਣ ਦੀ ਇੱਛਾ ਜ਼ਾਹਰ ਕੀਤੀ, ਪਰ ਉਸ ਸਮੇਂ ਪਿੰਡ ਦਾ ਹਾਕੀ ਮੈਦਾਨ ਬੰਦ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਬਾਹਰ ਇੱਟਾਂ ਰੱਖ ਕੇ ਪੁੱਤਰ ਨੂੰ ਸ਼ਾਟ ਲਗਾਉਣ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

ਅੱਗੇ ਚੱਲ ਕੇ ਕੋਚ ਦਵਿੰਦਰ ਤੋਂ ਸਿਖਲਾਈ ਲੈਣ ਤੋਂ ਬਾਅਦ ਪ੍ਰਭਦੀਪ ਨੇ ਖਡੂਰ ਸਾਹਿਬ ਅਕੈਡਮੀ ਅਤੇ ਫਿਰ ਸੁਰਜੀਤ ਹਾਕੀ ਅਕੈਡਮੀ ਵਿੱਚ ਅਭਿਆਸ ਕੀਤਾ। ਮਿਹਨਤ ਦੇ ਦਮ ’ਤੇ ਉਨ੍ਹਾਂ ਨੇ ਸਬ-ਜੂਨੀਅਰ ਅਤੇ ਜੂਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਆਪਣੀ ਜਗ੍ਹਾ ਬਣਾਈ। ਹਾਲ ਹੀ ਵਿੱਚ ਉਹ ਬੈਲਜੀਅਮ ਅਤੇ ਨੀਦਰਲੈਂਡ ਦੇ ਯੂਰਪੀ ਦੌਰਿਆਂ ਦੌਰਾਨ ਭਾਰਤੀ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਪ੍ਰਭਦੀਪ ਦੀ ਮਾਤਾ ਸੁਖਵਿੰਦਰ ਕੌਰ ਨੇ ਪੁੱਤਰ ਦੀ ਕਾਮਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਗੋਦ ਵਿੱਚ ਬਿਠਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਸੁਪਨਾ ਹਮੇਸ਼ਾ ਹਾਕੀ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕਰਨਾ ਰਿਹਾ ਹੈ। ਜਦੋਂ ਪ੍ਰਭਦੀਪ ਪਹਿਲੀ ਵਾਰ ਵਿਦੇਸ਼ ਵਿੱਚ ਖੇਡਣ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੀ, ਜੋ ਹੁਣ ਪੂਰੀ ਹੋ ਗਈ ਹੈ।

ਪ੍ਰਭਦੀਪ ਜਲੰਧਰ ਦੇ ਉਸੇ ਮਿੱਠਾਪੁਰ ਇਲਾਕੇ ਨਾਲ ਸਬੰਧਤ ਹਨ, ਜਿੱਥੋਂ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਵਰਗੇ ਓਲੰਪੀਅਨ ਖਿਡਾਰੀ ਨਿਕਲੇ ਹਨ। ਪ੍ਰਭਦੀਪ ਨੇ ਦੱਸਿਆ ਕਿ ਸੀਨੀਅਰ ਖਿਡਾਰੀ ਉਨ੍ਹਾਂ ਨੂੰ ਲਗਾਤਾਰ ਖੇਡ ਵਿੱਚ ਸੁਧਾਰ ਕਰਨ ਲਈ ਸੁਝਾਅ ਦਿੰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਅਗਲਾ ਟੀਚਾ ਹੋਰ ਮਿਹਨਤ ਕਰਕੇ ਜਲਦ ਤੋਂ ਜਲਦ ਭਾਰਤੀ ਸੀਨੀਅਰ ਹਾਕੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande