
ਚੰਡੀਗੜ੍ਹ, 18 ਸਤੰਬਰ (ਹਿੰ.ਸ.)| ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਇੱਕ 41 ਸਾਲਾ ਪੰਜਾਬੀ ਵਿਅਕਤੀ ’ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਪਤੀ-ਪਤਨੀ ਵਿਚਕਾਰ ਹੋਈ ਬਹਿਸ ਤੋਂ ਬਾਅਦ ਵਿਅਕਤੀ ਨੇ ਚਾਕੂ ਨਾਲ ਆਪਣੀ ਪਤਨੀ ਦੇ ਪੇਟ ਵਿੱਚ ਕਈ ਵਾਰ ਕੀਤੇ।
ਇਹ ਘਟਨਾ ਉਨ੍ਹਾਂ ਦੇ ਦੋ ਬੱਚਿਆਂ ਅਤੇ ਮ੍ਰਿਤਕਾ ਦੀ ਮਾਂ (ਸੱਸ) ਦੇ ਸਾਹਮਣੇ ਵਾਪਰਨ ਦੀ ਜਾਣਕਾਰੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਸੈਕਿੰਡ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸਮਰਸਾਈਡ ਕਮਿਊਨਿਟੀ ਦੇ ਚੈਲਟਨ ਰੋਡ ਸਥਿਤ ਘਰ ਵਿੱਚ ਵਾਪਰੀ। ਵਾਰਦਾਤ ਸਮੇਂ ਘਰ ਵਿੱਚ ਮੁਲਜ਼ਮ ਮਨਦੀਪ ਸਿੰਘ (41), ਉਸ ਦੀ ਪਤਨੀ, ਦੋ ਬੱਚੇ ਅਤੇ ਮ੍ਰਿਤਕਾ ਦੀ ਮਾਂ ਮੌਜੂਦ ਸਨ।
ਸਥਾਨਕ ਲੋਕਾਂ ਮੁਤਾਬਕ, ਉਨ੍ਹਾਂ ਨੇ ਪਹਿਲਾਂ ਘਰ ਵਿੱਚੋਂ ਚੀਕਾਂ ਅਤੇ ਰੌਲਾ ਸੁਣਿਆ। ਇਸ ਤੋਂ ਬਾਅਦ ਦੋਵੇਂ ਬੱਚੇ ਅਤੇ ਉਨ੍ਹਾਂ ਦੀ ਨਾਨੀ ਘਬਰਾਈ ਹੋਈ ਹਾਲਤ ਵਿੱਚ ਘਰ ਤੋਂ ਬਾਹਰ ਨਿਕਲੇ। ਉਨ੍ਹਾਂ ਨੂੰ ਦੇਖ ਕੇ ਗੁਆਂਢੀਆਂ ਨੂੰ ਘਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਦਾ ਪਤਾ ਲੱਗਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਣ ਤੋਂ ਕੁਝ ਹੀ ਦੇਰ ਬਾਅਦ ਪੁਲਿਸ ਟੀਮ ਚੈਲਟਨ ਰੋਡ ਸਥਿਤ ਘਰ ਵਿੱਚ ਪਹੁੰਚੀ। ਘਰ ਦੇ ਅੰਦਰ ਔਰਤ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
ਪੁਲਿਸ ਨੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਮ੍ਰਿਤਕਾ ਦੇ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਸੈਕਿੰਡ ਡਿਗਰੀ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੱਤਿਆ ਦੀਆਂ ਹਾਲਾਤਾਂ ਦੀ ਜਾਂਚ ਜਾਰੀ ਹੈ।
ਗੁਆਂਢੀਆਂ ਅਨੁਸਾਰ, ਮਨਦੀਪ ਦਾ ਪਰਿਵਾਰ ਇਸੇ ਘਰ ਵਿੱਚ ਰਹਿੰਦਾ ਸੀ। ਪਰਿਵਾਰ ਵਿੱਚ ਪਤੀ-ਪਤਨੀ ਤੋਂ ਇਲਾਵਾ ਦੋ ਬੱਚੇ ਅਤੇ ਮ੍ਰਿਤਕਾ ਦੀ ਮਾਂ ਵੀ ਰਹਿੰਦੀ ਸੀ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਨਹੀਂ ਕੀਤੀ ਹੈ। ਹੱਤਿਆ ਪਿੱਛੇ ਕੀ ਕਾਰਨ ਸੀ ਅਤੇ ਵਾਰਦਾਤ ਤੋਂ ਪਹਿਲਾਂ ਘਰ ਵਿੱਚ ਕੀ ਵਾਪਰਿਆ, ਇਸ ਬਾਰੇ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH