ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਨੇਪਾਲ ਲਈ 38 ਲੱਖ ਦੀ ਰਾਹਤ ਸਮੱਗਰੀ ਦੀ ਦੂਜੀ ਖੇਪ ਰਵਾਨਾ
ਹੜ੍ਹ ਪ੍ਰਭਾਵਿਤ ਲੋਕਾਂ ਲਈ ਪਹਿਲਾਂ ਵੀ ਦੋ ਟਰੱਕ ਭੇਜੇ ਜਾ ਚੁੱਕੇ ਆਈਐੱਫਆਰਸੀ ਅਤੇ ਨੇਪਾਲ ਰੈੱਡ ਕਰਾਸ ਦੇ ਸਹਿਯੋਗ ਨਾਲ ਰਾਹਤ ਕਾਰਜ ਜਾਰੀ ਚੰਡੀਗੜ੍ਹ, 18 ਸਤੰਬਰ (ਹਿੰ.ਸ.)| ਪੰਜਾਬ ਸਟੇਟ ਰੈੱਡ ਕਰਾਸ ਨੇ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਦਾ ਦਾਇਰਾ ਵਧਾਉ
ਰਾਹਤ ਸਮੱਗਰੀ ਦੀ ਦੂਜੀ ਖੇਪ ਰਵਾਨਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਟੇਟ ਰੈੱਡ ਕਰਾਸ ਦੇ ਪ੍ਰਧਾਨ ਗੁਲਾਬ ਚੰਦ ਕਟਾਰੀਆ


ਹੜ੍ਹ ਪ੍ਰਭਾਵਿਤ ਲੋਕਾਂ ਲਈ ਪਹਿਲਾਂ ਵੀ ਦੋ ਟਰੱਕ ਭੇਜੇ ਜਾ ਚੁੱਕੇ ਆਈਐੱਫਆਰਸੀ ਅਤੇ ਨੇਪਾਲ ਰੈੱਡ ਕਰਾਸ ਦੇ ਸਹਿਯੋਗ ਨਾਲ ਰਾਹਤ ਕਾਰਜ ਜਾਰੀ

ਚੰਡੀਗੜ੍ਹ, 18 ਸਤੰਬਰ (ਹਿੰ.ਸ.)| ਪੰਜਾਬ ਸਟੇਟ ਰੈੱਡ ਕਰਾਸ ਨੇ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਵਤਾਵਾਦੀ ਸਹਾਇਤਾ ਦਾ ਦਾਇਰਾ ਵਧਾਉਂਦਿਆਂ ਰਾਹਤ ਸਮੱਗਰੀ ਦੀ ਦੂਜੀ ਖੇਪ ਰਵਾਨਾ ਕੀਤੀ। ਕਰੀਬ 38 ਲੱਖ ਰੁਪਏ ਦੀ ਕੀਮਤ ਵਾਲੀ ਜ਼ਰੂਰੀ ਰਾਹਤ ਸਮੱਗਰੀ ਨਾਲ ਲੱਦੇ ਟਰੱਕਾਂ ਨੂੰ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਟੇਟ ਰੈੱਡ ਕਰਾਸ ਦੇ ਪ੍ਰਧਾਨ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਤੋਂ ਪਹਿਲਾਂ ਵੀ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਨਾਲ ਭਰੇ ਦੋ ਟਰੱਕ ਨੇਪਾਲ ਭੇਜੇ ਜਾ ਚੁੱਕੇ ਹਨ। ਤਾਜ਼ਾ ਖੇਪ ਦੀ ਰਵਾਨਗੀ ਨਾਲ ਰੈੱਡ ਕਰਾਸ ਵੱਲੋਂ ਨੇਪਾਲ ਦੇ ਪ੍ਰਭਾਵਿਤ ਭਾਈਚਾਰਿਆਂ ਲਈ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

ਇਹ ਰਾਹਤ ਸਮੱਗਰੀ ਨੇਪਾਲ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਸੋਸਾਇਟੀਜ਼ ਰਾਹੀਂ ਭੇਜੀ ਜਾ ਰਹੀ ਹੈ। ਪੰਜਾਬ ਸਟੇਟ ਰੈੱਡ ਕਰਾਸ ਮੁਤਾਬਕ, ਇਹ ਪਹਿਲ ਰਾਸ਼ਟਰੀ ਸਰਹੱਦਾਂ ਤੋਂ ਪਾਰ ਜਾ ਕੇ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਯਤਨਾਂ ਦਾ ਹਿੱਸਾ ਹੈ।

ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਰਾਸ਼ਟਰੀ ਮੁੱਖ ਦਫ਼ਤਰ ਅਤੇ ਨੇਪਾਲ ਰੈੱਡ ਕਰਾਸ ਸੋਸਾਇਟੀ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ। ਰੈੱਡ ਕਰਾਸ ਅਧਿਕਾਰੀਆਂ ਅਨੁਸਾਰ, ਤਾਜ਼ਾ ਰਾਹਤ ਸਮੱਗਰੀ ਨੇਪਾਲ ਰੈੱਡ ਕਰਾਸ ਵੱਲੋਂ ਦੱਸੀਆਂ ਗਈਆਂ ਲੋੜਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ, ਤਾਂ ਜੋ ਜ਼ਰੂਰੀ ਵਸਤਾਂ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ।

ਪੰਜਾਬ ਸਟੇਟ ਰੈੱਡ ਕਰਾਸ ਦੀ ਇੱਕ ਟੀਮ ਰਾਹਤ ਸਮੱਗਰੀ ਵਾਲੇ ਟਰੱਕਾਂ ਦੇ ਕਾਫ਼ਲੇ ਨਾਲ ਨੇਪਾਲਗੰਜ ਇੰਟਰਨੈਸ਼ਨਲ ਬਾਰਡਰ ਤੱਕ ਜਾਵੇਗੀ। ਉੱਥੇ ਇਹ ਸਮੱਗਰੀ ਆਈਐੱਫਆਰਸੀ ਅਤੇ ਨੇਪਾਲ ਰੈੱਡ ਕਰਾਸ ਸੋਸਾਇਟੀ ਦੇ ਨੁਮਾਇੰਦਿਆਂ ਨੂੰ ਸੌਂਪੀ ਜਾਵੇਗੀ, ਜੋ ਇਸ ਨੂੰ ਪ੍ਰਭਾਵਿਤ ਭਾਈਚਾਰਿਆਂ ਵਿੱਚ ਵੰਡਣਗੇ।

ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਸਟੇਟ ਰੈੱਡ ਕਰਾਸ ਦੇ ਰਾਹਤ ਕਾਰਜ ਮਨੁੱਖਤਾ, ਹਮਦਰਦੀ ਅਤੇ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਰਾਹਤ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਦਾਨੀਆਂ ਦਾ ਧੰਨਵਾਦ ਕੀਤਾ ਅਤੇ ਖਾਸ ਤੌਰ ’ਤੇ ਡੋਨੇਟਕਾਰਟ ਸਮੇਤ ਹੋਰ ਸਹਿਯੋਗੀਆਂ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵੱਲੋਂ ਨੇਪਾਲ ਵਿੱਚ ਪੈਦਾ ਹੋਈਆਂ ਲੋੜਾਂ ਦਾ ਲਗਾਤਾਰ ਜਾਇਜ਼ਾ ਲੈਂਦਿਆਂ ਲੋੜ ਅਨੁਸਾਰ ਸਹਾਇਤਾ ਜਾਰੀ ਰੱਖੀ ਜਾਵੇਗੀ।

ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਪੰਜਾਬ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande