‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਨਾਲ ਸਬੰਧਤ ਜਾਇਦਾਦਾਂ ਢਾਹੀਆਂ
ਐਸਐਸਪੀ ਖੱਖ ਨੇ ਕਿਹਾ‘ਨਸ਼ਿਆਂ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਜਾਰੀ ਰਹੇਗੀ ਮਲੇਰਕੋਟਲਾ, 18 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਸਬੰਧਤ
ਨਸ਼ਾ ਤਸਕਰ ਦਾ ਘਰ ਤੋੜਦੀ ਹੋਈ ਮਲੇਰਕੋਟਲਾ ਪੁਲਿਸ।


ਐਸਐਸਪੀ ਖੱਖ ਨੇ ਕਿਹਾ‘ਨਸ਼ਿਆਂ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਜਾਰੀ ਰਹੇਗੀ

ਮਲੇਰਕੋਟਲਾ, 18 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਸਬੰਧਤ ਦੋ ਵਿਅਕਤੀਆਂ ਦੀਆਂ ਜਾਇਦਾਦਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮੋਹੱਲਾ ਬੈਰਾਗੀਆਂ ਵਾਲਾ, ਸਾਈਂ ਬਾਬਾ ਜੀ ਮੰਦਰ ਨੇੜੇ ਸਥਿਤ ਜਾਇਦਾਦਾਂ ’ਤੇ ਬਣੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ।

ਇਹ ਕਾਰਵਾਈ ਐਸਐਸਪੀ ਮਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਕੀਤੀ ਗਈ। ਮੌਕੇ ’ਤੇ ਐਸਪੀ (ਡੀ) ਰਾਮਨਦੀਪ ਸਿੰਘ ਭੁੱਲਰ, ਡੀਐਸਪੀ ਮਾਨਵਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐਸਐਚਓ ਦੀ ਅਗਵਾਈ ਹੇਠ ਪੁਲਿਸ ਟੀਮਾਂ ਤਾਇਨਾਤ ਰਹੀਆਂ।

ਪੁਲਿਸ ਅਨੁਸਾਰ ਪਹਿਲੇ ਵਿਅਕਤੀ ਮੁਹੰਮਦ ਇਫ਼ਤਿਖਾਰ ਉਰਫ਼ ਤਾਰੂ ਖ਼ਾਨ ਖ਼ਿਲਾਫ਼ 9 ਸਤੰਬਰ 2026 ਨੂੰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।

ਇਸੇ ਤਰ੍ਹਾਂ ਉਸ ਦੇ ਪੁੱਤਰ ਫੈਸਲ ਖ਼ਾਨ ਉਰਫ਼ ਤਾਰੂ ਵਾਲਾ ਖ਼ਿਲਾਫ਼ ਸਾਲ 2022 ਤੋਂ ਹੁਣ ਤੱਕ ਨਸ਼ਿਆਂ ਨਾਲ ਸਬੰਧਤ ਚਾਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਇਨ੍ਹਾਂ ਮਾਮਲਿਆਂ ਵਿੱਚ 4.5 ਕਿਲੋਗ੍ਰਾਮ ਚਰਸ, 150 ਨਸ਼ੀਲੀਆਂ ਗੋਲੀਆਂ ਅਤੇ 7 ਗ੍ਰਾਮ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਮਾਮਲੇ ਸ਼ਾਮਲ ਹਨ।

ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀ ਆਮਦਨ ਅਤੇ ਜਾਇਦਾਦ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਗਈ। ਪੁਲਿਸ ਅਨੁਸਾਰ ਜਾਂਚ ਦੌਰਾਨ ਅਜਿਹਾ ਕੋਈ ਵਾਜਬ ਆਮਦਨ ਸਰੋਤ ਸਾਹਮਣੇ ਨਹੀਂ ਆਇਆ, ਜਿਸ ਨਾਲ ਇਨ੍ਹਾਂ ਜਾਇਦਾਦਾਂ ਦੀ ਉਸਾਰੀ ਦੇ ਖ਼ਰਚੇ ਨੂੰ ਜਾਇਜ਼ ਠਹਿਰਾਇਆ ਜਾ ਸਕੇ।

ਐਸਐਸਪੀ ਖੱਖ ਨੇ ਕਿਹਾ ਕਿ ਨਸ਼ਿਆਂ ਦੀ ਗੈਰ-ਕਾਨੂੰਨੀ ਕਮਾਈ ਨਾਲ ਜਾਇਦਾਦਾਂ ਬਣਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮਕਸਦ ਸਿਰਫ਼ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਨਹੀਂ, ਸਗੋਂ ਨਸ਼ਾ ਤਸਕਰੀ ਨਾਲ ਜੁੜੇ ਆਰਥਿਕ ਢਾਂਚੇ ਨੂੰ ਵੀ ਨਿਸ਼ਾਨਾ ਬਣਾਉਣਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਕੋਲ ਨਸ਼ਾ ਤਸਕਰੀ ਜਾਂ ਨਸ਼ਿਆਂ ਦੀ ਗੈਰ-ਕਾਨੂੰਨੀ ਵਿਕਰੀ ਸਬੰਧੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐਸਐਸਪੀ ਖੱਖ ਨੇ ਕਿਹਾ ਕਿ ਮਲੇਰਕੋਟਲਾ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਲਗਾਤਾਰ ਜਾਰੀ ਰਹੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande