
ਅੰਮ੍ਰਿਤਸਰ ਵਿੱਚ ਏਐਸਆਈ ਤੇ ਨੌਜਵਾਨ ਦੇ ਕਤਲ ’ਤੇ ਵੜਿੰਗ ਨੇ ਘੇਰੀ ਪੰਜਾਬ ਸਰਕਾਰ
ਚੰਡੀਗੜ੍ਹ, 18 ਸਤੰਬਰ (ਹਿੰ.ਸ.)| ਅੰਮ੍ਰਿਤਸਰ ਵਿੱਚ ਕੁਝ ਘੰਟਿਆਂ ਦੇ ਅੰਤਰਾਲ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਅਤੇ ਨੌਜਵਾਨ ਸਾਹਿਲਪ੍ਰੀਤ ਸਿੰਘ ਦੇ ਕਤਲ ਦੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਕਰ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਵਾਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ।
ਅੰਮ੍ਰਿਤਸਰ ਵਿੱਚ ਏਐੱਸਆਈ ਹਰਜੀਤ ਸਿੰਘ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਡਿਊਟੀ ਤੋਂ ਵਾਪਸ ਆ ਰਹੇ ਸਨ। ਪੁਲਿਸ ਮੁਤਾਬਕ ਉਨ੍ਹਾਂ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸੇ ਦੌਰਾਨ ਸ਼ਹਿਰ ਦੇ ਇਸਲਾਮਾਬਾਦ ਖੇਤਰ ਵਿੱਚ ਸਾਹਿਲਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਵੀ ਗੋਲੀ ਮਾਰ ਦਿੱਤੀ ਗਈ। ਦੋਵਾਂ ਮਾਮਲਿਆਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੜਿੰਗ ਨੇ ਕਿਹਾ ਕਿ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀ ਦੀ ਹੱਤਿਆ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਹੀ ਹਮਲਿਆਂ ਤੋਂ ਸੁਰੱਖਿਅਤ ਨਹੀਂ ਹਨ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲਗਾਤਾਰ ਹੋ ਰਹੀਆਂ ਗੋਲੀਬਾਰੀ ਅਤੇ ਹਿੰਸਕ ਘਟਨਾਵਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ।
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਂਗਸਟਰਾਂ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਸਿਆਸੀ ਥਾਂ ਦੇ ਕੇ ਉਨ੍ਹਾਂ ਦੇ ਹੌਸਲੇ ਵਧਾਏ ਹਨ। ਉਨ੍ਹਾਂ ਖਾਸ ਤੌਰ ’ਤੇ ਗੁਰਪ੍ਰੀਤ ਸਿੰਘ ਸੇਖੋਂ ਦੀ ‘ਆਪ’ ਵਿੱਚ ਸ਼ਮੂਲੀਅਤ ਦਾ ਜ਼ਿਕਰ ਕੀਤਾ। ਸੇਖੋਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਤੰਬਰ ਦੇ ਪਹਿਲੇ ਹਫ਼ਤੇ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਖ਼ਿਲਾਫ਼ 47 ਤੋਂ 49 ਤੱਕ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਪੁਲਿਸ ਬਲ ਦਾ ਮਨੋਬਲ ਮਜ਼ਬੂਤ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਦੌਰਾਨ ਏਐੱਸਆਈ ਹਰਜੀਤ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਨੇ ਇੱਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ, ਜਦਕਿ ਇੱਕ ਕਰੋੜ ਰੁਪਏ ਦੀ ਬੀਮਾ ਰਕਮ ਵੀ ਪਰਿਵਾਰ ਨੂੰ ਮਿਲਣ ਦੀ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH