


ਚੰਡੀਗੜ੍ਹ/ਫਤਿਹਗੜ੍ਹ ਸਾਹਿਬ, 19 ਸਤੰਬਰ (ਹਿੰ.ਸ.)। ‘ਪੰਜਾਬ ਦੀ ਸੱਤਾ ਵਿੱਚ ਆਉਣ ਸਮੇਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 3 ਮਹੀਨੇ ਵਿੱਚ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਹ ਸਮਾਂ ਸੀਮਾ ਕਦੇ 3 ਮਹੀਨੇ, ਕਦੇ 4 ਮਹੀਨੇ ਵਧਾਈ ਗਈ ਅਤੇ 6 ਵਾਰ ਇਹ ਡੈੱਡਲਾਇਨ ਅੱਗੇ ਵਧ ਚੁੱਕੀ ਹੈ। ਤਾਰੀਖ਼ ’ਤੇ ਤਾਰੀਖ਼ ਦੇਣ ਵਾਲੀ ਅਜਿਹੀ ਸਰਕਾਰ ਤੋਂ ਨਸ਼ਾ ਖ਼ਤਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੀਤਾ ਗਿਆ। ਉਹ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਕੱਢੀ ਜਾ ਰਹੀ ‘‘ਨਸ਼ਾ ਮੁਕਤ ਪੰਜਾਬ’’ ਦੀ ਦੂਜੀ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ 13 ਦਿਨ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪੰਜਾਬ ਦੀ ਆਪ ਸਰਕਾਰ ਤੋਂ ਮੁਕਤੀ ਦੀ ਯਾਤਰਾ ਬਣੇਗੀ।
ਇਸ ਤੋਂ ਪਹਿਲਾਂ ਰੇਖਾ ਗੁਪਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾਹ ਧਰਤੀ ਉੱਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਨਸ਼ਾ ਮੁਕਤੀ ਲਈ ਅਰਦਾਸ ਕੀਤੀ। ਇਸ ਉਪਰੰਤ ਉਨ੍ਹਾਂ ਸਥਾਨਕ ਅਨਾਜ ਮੰਡੀ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾਕਟਰ ਸ਼ਤੀਸ਼ ਪੂਨੀਆ, ਭਾਜਪਾ ਦੇ ਕੌਮੀ ਉੱਪ-ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਯਾਤਰਾ ਦੀ ਮੌਜੂਦਗੀ ਵਿੱਚ ਯਾਤਰਾ ਨੂੰ ਹਰੀ ਝੰਡੀ ਦਿਖਾਈ।
ਆਪਣੇ ਸੰਬੋਧਨ ਦੌਰਾਨ ਰੇਖਾ ਗੁਪਤਾ ਨੇ ਕਿਹਾ ਕਿ ਉਹ ਦਿੱਲੀ ਤੋਂ ਪੰਜਾਬ ਦੇ ਸੁਪਰ ਸੀਐੱਮ ਬਣੇ ਬੈਠੇ ਅਰਵਿੰਦ ਕੇਜਰੀਵਾਲ ਦੀ ਪੋਲ਼ ਖੋਲਣ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਬਟਾਲੀਅਨ ਨੇ ਪਹਿਲਾਂ ਦਿੱਲੀ ਦੇ ਪੈਸੇ ਨਾਲ ਪੰਜਾਬ ਉੱਤੇ ਕਬਜ਼ਾ ਕੀਤਾ ਅਤੇ ਹੁਣ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਦੂਜੇ ਸੂਬਿਆਂ ਵਿੱਚ ਆਪਣੇ ਸਿਆਸੀ ਹਿੱਤ ਪੂਰੇ ਕਰਨ ਲਈ ਖ਼ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੇ ਲ਼ਈ ਸ਼ੀਸ਼ ਮਹਿਲ ਬਣਵਾਇਆ ਸੀ। ਪਰ ਜਦੋਂ ਉਨ੍ਹਾਂ ਨੂੰ ਦਿੱਲੀ ਤੋਂ ਭਜਾ ਦਿੱਤਾ ਤਾਂ ਉਹ ਪੰਜਾਬ ਵਿੱਚ ਸੀਸ਼ ਮਹਿਲ ਟੂ ਵਿੱਚ ਰਹਿਣ ਲੱਗ ਪਏ।.
ਰੇਖਾ ਗੁਪਤਾ ਨੇ ਸਵਾਲ ਕੀਤਾ ਕਿ ਕੇਜਰੀਵਾਲ ਕਿਸ ਹੈਸੀਅਤ ਵਿੱਚ ਪੰਜਾਬ ਵਿੱਚ ਰਹਿ ਰਹੇ ਹਨ, ਕਿਸ ਅਧਿਕਾਰ ਨਾਲ ਪ੍ਰਾਈਵੇਟ ਜੈੱਟ ਵਿੱਚ ਸਫ਼ਰ ਕਰਦੇ ਹਨ। ਇਨ੍ਹਾਂ ਨੇ ਪਹਿਲਾਂ ਪੰਜਾਬੀਆਂ ਨੂੰ ਕਥਿਤ ਦਿੱਲੀ ਮਾਡਲ ਨਾਲ ਭਰਮਾਇਆ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ। ਪੰਜਾਬ ਸਿਰ ਚੜ੍ਹਿਆ 5 ਲੱਖ ਕਰੋੜ ਦਾ ਕਰਜ਼ਾ ਕੌਣ ਮੋੜੇਗਾ, ਕਿਉਂ ਕਿ ਕੇਜਰੀਵਾਲ ਨੂੰ ਤਾਂ ਪੰਜਾਬ ਦੇ ਲੋਕ ਭਜਾ ਦੇਣਗੇ।
ਆਫ਼ਤ ਵੇਲੇ ਕੇਜਰੀਵਾਲ ਦਿੱਲੀ ਭੱਜ ਜਾਂਦੇ :
ਰੇਖਾ ਗੁਪਤਾ ੇ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਕੇਜਰੀਵਾਲ ਦਿੱਲੀ ਭੱਜ ਗਿਆ ਅਤੇ ਪੰਜਾਬ ਵਿੱਚ ਕੋਈ ਸੰਕਟ ਆਉਂਦਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਨਾਲ ਡੱਕਿਆ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਸਿਆਸੀ ਝਟਕਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਕੇਜਰੀਵਾਲ ਨੇ ਆਪਣਾ ਸਿਆਸੀ ਧਿਆਨ ਪੰਜਾਬ ਵੱਲ ਕਰ ਲਿਆ ਹੈ ਅਤੇ ‘ਆਪ’ ਦੀ ਲੀਡਰਸ਼ਿਪ ਜਨਤਕ ਸਰੋਤਾਂ ਦੀ ਕਥਿਤ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦਿੱਲੀ ਦੇ ਕੁਸ਼ਾਸਨ ਲਈ ਜ਼ਿੰਮੇਵਾਰ ਸਨ, ਉਹ ਹੁਣ ਪੰਜਾਬ ਵਿੱਚ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਸੂਬੇ ਦਾ ਸ਼ੋਸ਼ਣ ਕਰ ਰਹੇ ਹਨ।
ਰੇਖਾ ਗੁਪਤਾ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਜਕੜ ਚੁੱਕੀਆਂ ਜ਼ੰਜੀਰਾਂ ਨੂੰ ਤੋੜਿਆ ਜਾਵੇ। ਇਹ ਜ਼ੰਜੀਰਾਂ ਕੌਣ ਤੋੜੇਗਾ? ਤੁਸੀਂ ਤੋੜੋਗੇ, ਅਸੀਂ ਤੋੜਾਂਗੇ, ਨਰਿੰਦਰ ਮੋਦੀ ਤੋੜਨਗੇ ਅਤੇ ਅਮਿਤ ਸ਼ਾਹ ਤੋੜਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਤਵਾਦ ਅਤੇ ਹੋਰ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦਿਆਂ ਗੁਪਤਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਦੇ ਲੋਕ ਇਕੱਲੇ ਨਹੀਂ ਹਨ।
ਰੇਖਾ ਗੁਪਤਾ ਨੇ ਕਿਹਾ ਕਿ 12 ਦਿਨਾਂ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਇੱਕ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਸਾਂਝੇ ਤੌਰ ’ਤੇ ਕਾਰਵਾਈ ਕਰਨ ਦਾ ਸੱਦਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿਰਫ਼ ਇੱਕ ਸਫ਼ਰ ਨਹੀਂ ਹੈ। ਇਹ ਪੰਜਾਬ ਨੂੰ ਨਸ਼ਿਆਂ, ਅਪਰਾਧ ਅਤੇ ਡਰ ਤੋਂ ਮੁਕਤ ਕਰਵਾਉਣ ਲਈ ਇੱਕ ਲਹਿਰ ਦੀ ਸ਼ੁਰੂਆਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਭਰ ਵਿੱਚ ਗੈਂਗ ਹਿੰਸਾ, ਨਿਸ਼ਾਨਾ ਬਣਾ ਕੇ ਹੱਤਿਆਵਾਂ ਅਤੇ ਅਸੁਰੱਖਿਆ ਦੀ ਭਾਵਨਾ ਫੈਲ ਰਹੀ ਹੈ। ਨਸ਼ਾ ਮੁਕਤ ਪੰਜਾਬ ਦੀ ਯਾਤਰਾ ਦੇ 13ਵੇਂ ਦਿਨ ਤੋਂ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋਣੀ ਚਾਹੀਦੀ ਹੈ।” ਉਨ੍ਹਾਂ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਖੁਸ਼ਹਾਲ, ਸ਼ਾਂਤਮਈ ਅਤੇ ਨਸ਼ਾ ਮੁਕਤ ਪੰਜਾਬ ਦੀ ਉਸਾਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਆਪਣੇ ਸੰਬੋਧਨ ਦੇ ਅੰਤ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਵਾਸੀਆਂ ਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਅਤੇ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਵਿਰੁੱਧ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਇਹ ਸੰਕਲਪ ਲੈਣ ਦਾ ਸੱਦਾ ਦਿੱਤਾ ਕਿ ਪੰਜਾਬ ਹੁਣ ਨਸ਼ਾ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੂਬਾ ਇੱਕ ਵਾਰ ਫਿਰ ਖੁਸ਼ਹਾਲ ਤੇ ਨਸ਼ਾ ਮੁਕਤ ਧਰਤੀ ਵਜੋਂ ਉਭਰੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ