
ਅੰਮ੍ਰਿਤਸਰ, 19 ਸਤੰਬਰ (ਹਿੰ.ਸ.)| ਥਾਈਲੈਂਡ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਕਥਿਤ ਕੁੱਟਮਾਰ ਅਤੇ ਉਸ ਦੀ ਦਸਤਾਰ ਉਤਾਰੇ ਜਾਣ ਸਬੰਧੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਦਸਤਾਰ ਸਿੱਖ ਦੀ ਧਾਰਮਿਕ ਪਛਾਣ ਅਤੇ ਸਤਿਕਾਰ ਦਾ ਪ੍ਰਤੀਕ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਬਜ਼ੁਰਗ ਸਿੱਖ ਦੀ ਦਸਤਾਰ ਦੀ ਬੇਅਦਬੀ ਅਤੇ ਉਸ ਨਾਲ ਕਥਿਤ ਮਾਰਕੁਟਾਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਕੂਟਨੀਤਕ ਪੱਧਰ ’ਤੇ ਥਾਈਲੈਂਡ ਸਰਕਾਰ ਕੋਲ ਉਠਾਇਆ ਜਾਵੇ। ਨਾਲ ਹੀ ਉਨ੍ਹਾਂ ਥਾਈਲੈਂਡ ਦੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ।
ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਥਾਈਲੈਂਡ ਸਥਿਤ ਭਾਰਤੀ ਦੂਤਾਵਾਸ ਰਾਹੀਂ ਪੀੜਤ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਅਤੇ ਲੋੜ ਪੈਣ ’ਤੇ ਉਸ ਨੂੰ ਕਾਨੂੰਨੀ ਤੇ ਕੌਂਸਲਰ ਸਹਾਇਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਜਾਂ ਯਾਤਰਾ ਕਰਦੇ ਸਿੱਖਾਂ ਦੀ ਸੁਰੱਖਿਆ, ਧਾਰਮਿਕ ਪਛਾਣ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਬੰਧਤ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਇਸੇ ਦੌਰਾਨ ਐਡਵੋਕੇਟ ਧਾਮੀ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੇਖਣ ਗਏ ਸਿੱਖ ਬੱਚਿਆਂ ਨੂੰ ਕੜਾ ਪਹਿਨਣ ਕਾਰਨ ਕਥਿਤ ਤੌਰ ’ਤੇ ਅੰਦਰ ਜਾਣ ਤੋਂ ਰੋਕੇ ਜਾਣ ਦੇ ਮਾਮਲੇ ’ਤੇ ਵੀ ਇਤਰਾਜ਼ ਜਤਾਇਆ।
ਉਨ੍ਹਾਂ ਕਿਹਾ ਕਿ ਕੜਾ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਅਤੇ ਸਿੱਖ ਧਾਰਮਿਕ ਪਛਾਣ ਦਾ ਅਹਿਮ ਹਿੱਸਾ ਹੈ। ਸਿਰਫ਼ ਕੜਾ ਪਹਿਨਣ ਕਾਰਨ ਕਿਸੇ ਸਿੱਖ ਬੱਚੇ ਨੂੰ ਜਨਤਕ ਸਥਾਨ ਜਾਂ ਖੇਡ ਮੈਦਾਨ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਠੀਕ ਨਹੀਂ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH