ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਮੌਕੇ ਤੇ ਵਿੱਤੀ ਸਹਾਇਤਾ ਦਾ ਢਾਂਚਾ ਤਿਆਰ ਕਰ ਰਹੀ ਸਰਕਾਰ: ਭਗਵੰਤ ਮਾਨ
ਮੋਹਾਲੀ, 19 ਸਤੰਬਰ (ਹਿੰ.ਸ.)| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਮੌਕੇ, ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਅਤੇ ਊਰਜਾ ਦੀ
ਸੰਬੋਧਨ ਕਰਦੇ ਹੋਏ  ਮੁੱਖ ਮੰਤਰੀ ਭਗਵੰਤ ਸਿੰਘ ਮਾਨ


ਮੋਹਾਲੀ, 19 ਸਤੰਬਰ (ਹਿੰ.ਸ.)| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਮੌਕੇ, ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਅਤੇ ਊਰਜਾ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਉਨ੍ਹਾਂ ਦੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਮੰਚ ਮੁਹੱਈਆ ਕਰਵਾ ਰਹੀ ਹੈ।

ਮੁੱਖ ਮੰਤਰੀ ਸ਼ਨੀਵਾਰ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਮੋਹਾਲੀ ਕੈਂਪਸ ਵਿਖੇ ਕਰਵਾਏ ਗਏ ‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੂਮਾਰੋਜ਼ ਲੀਡਰਸ਼ਿਪ’ ਵਿਸ਼ੇ ’ਤੇ ਆਧਾਰਿਤ ਆਈਐਸਬੀ ਲੀਡਰਸ਼ਿਪ ਸੰਮੇਲਨ-2026 ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਆਈਐਸਬੀ ਨੂੰ 25 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ।

ਭਗਵੰਤ ਮਾਨ ਨੇ ਕਿਹਾ ਕਿ ਆਈਐਸਬੀ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਭਵਿੱਖ ਦੇ ਆਗੂ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ‘ਸਟਾਰਟਅੱਪ ਸੈਂਟਰ’ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਰਾਹੀਂ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਨਵੇਂ ਕਾਰੋਬਾਰੀ ਵਿਚਾਰਾਂ ਲਈ ਸੀਡ ਮਨੀ ਮੁਹੱਈਆ ਕਰਵਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਦੌਰ ਵਿੱਚ ਉਹੀ ਸਮਾਜ ਅੱਗੇ ਵਧਣਗੇ ਜੋ ਨਵੀਨਤਾ ਨੂੰ ਅਪਣਾਉਣ, ਸੋਚ-ਸਮਝ ਕੇ ਜੋਖ਼ਮ ਲੈਣ ਅਤੇ ਉੱਭਰਦੇ ਮੌਕਿਆਂ ਨੂੰ ਟਿਕਾਊ ਵਿਕਾਸ ਵਿੱਚ ਬਦਲਣ ਲਈ ਤਿਆਰ ਹੋਣ। ਉਨ੍ਹਾਂ ਕਿਹਾ ਕਿ ਭਾਰਤ ਕੋਲ ਆਪਣੀ ਨੌਜਵਾਨ ਆਬਾਦੀ, ਤਕਨੀਕੀ ਸਮਰੱਥਾ ਅਤੇ ਵਧ ਰਹੀਆਂ ਆਰਥਿਕ ਸੰਭਾਵਨਾਵਾਂ ਕਾਰਨ ਵੱਡੀ ਸਮਰੱਥਾ ਹੈ।

ਮੋਹਾਲੀ ਵਿੱਚ ਆਈਐਸਬੀ ਦੀ ਮੌਜੂਦਗੀ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਦਿਆਂ ਮਾਨ ਨੇ ਕਿਹਾ ਕਿ ਇਹ ਸੰਸਥਾ ਗਿਆਨ, ਖੋਜ, ਪ੍ਰਤਿਭਾ, ਉੱਦਮਤਾ ਅਤੇ ਨਿਵੇਸ਼ ਲਈ ਮਾਹੌਲ ਤਿਆਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਤੇਜ਼ੀ ਨਾਲ ਤਕਨਾਲੋਜੀ, ਉੱਦਮਤਾ ਅਤੇ ਨਵੀਨਤਾ ਦੇ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਅਜਿਹਾ ਮਾਹੌਲ ਸਿਰਜਣਾ ਹੈ, ਜਿੱਥੇ ਨੌਜਵਾਨਾਂ ਨੂੰ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਨੌਜਵਾਨ ਪੰਜਾਬ ਵਿੱਚ ਹੀ ਆਪਣੇ ਕਾਰੋਬਾਰ ਸ਼ੁਰੂ ਕਰਨ, ਰੋਜ਼ਗਾਰ ਪੈਦਾ ਕਰਨ ਅਤੇ ਨਵੇਂ ਹੱਲ ਵਿਕਸਤ ਕਰਨ।

ਉਨ੍ਹਾਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਨੂੰ ਉਦਯੋਗ, ਨਿਵੇਸ਼, ਸਟਾਰਟਅੱਪ ਅਤੇ ਨਵੀਨਤਾ ਦਾ ਕੇਂਦਰ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande