ਆਈਐਮਏ ਦੇ ਸੱਦੇ ਦੇ ਬਾਵਜੂਦ ਹਰਿਆਣਾ ’ਚ ਆਯੁਸ਼ਮਾਨ ਭਾਰਤ ਦੀਆਂ ਸੇਵਾਵਾਂ ਜਾਰੀ
ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵੱਲੋਂ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐਮਜੇਏਵਾਈ) ਤਹਿਤ ਸੇਵਾਵਾਂ ਰੋਕਣ ਦੇ ਸੱਦੇ ਦੇ ਬਾਵਜੂਦ ਹਰਿਆਣਾ ਵਿੱਚ ਯੋਜਨਾ ਅਧੀਨ ਸਿਹਤ ਸੇਵਾਵਾਂ ’ਤੇ ਕੋਈ ਵੱਡਾ ਅਸਰ ਨਹੀਂ ਪਿਆ। 31 ਅਗਸਤ ਦੀ ਰਾਤ ਤੋਂ 1 ਸ
ਆਈਐਮਏ ਦੇ ਸੱਦੇ ਦੇ ਬਾਵਜੂਦ ਹਰਿਆਣਾ ’ਚ ਆਯੁਸ਼ਮਾਨ ਭਾਰਤ ਦੀਆਂ ਸੇਵਾਵਾਂ ਜਾਰੀ


ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵੱਲੋਂ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐਮਜੇਏਵਾਈ) ਤਹਿਤ ਸੇਵਾਵਾਂ ਰੋਕਣ ਦੇ ਸੱਦੇ ਦੇ ਬਾਵਜੂਦ ਹਰਿਆਣਾ ਵਿੱਚ ਯੋਜਨਾ ਅਧੀਨ ਸਿਹਤ ਸੇਵਾਵਾਂ ’ਤੇ ਕੋਈ ਵੱਡਾ ਅਸਰ ਨਹੀਂ ਪਿਆ। 31 ਅਗਸਤ ਦੀ ਰਾਤ ਤੋਂ 1 ਸਤੰਬਰ ਦੀ ਰਾਤ ਤੱਕ ਸੂਬੇ ਦੇ ਯੋਗ ਲਾਭਪਾਤਰੀਆਂ ਨੂੰ ਹਸਪਤਾਲਾਂ ਵਿੱਚ ਇਲਾਜ ਮਿਲਦਾ ਰਿਹਾ।ਰਾਜ ਸਿਹਤ ਅਥਾਰਟੀ (ਐਸਐਚਏ), ਹਰਿਆਣਾ ਮੁਤਾਬਕ ਇਸ ਸਮੇਂ ਦੌਰਾਨ ਨਿੱਜੀ ਸੂਚੀਬੱਧ ਹਸਪਤਾਲਾਂ ਵੱਲੋਂ ਹੀ 1,314 ਤੋਂ ਵੱਧ ਦਾਅਵੇ ਪੇਸ਼ ਕੀਤੇ ਗਏ। ਸਰਕਾਰੀ ਹਸਪਤਾਲਾਂ ਦੇ ਦਾਅਵਿਆਂ ਨੂੰ ਮਿਲਾ ਕੇ ਇਹ ਗਿਣਤੀ 3,511 ਤੋਂ ਪਾਰ ਰਹੀ। ਐਸਐਚਏ ਨੇ ਕਿਹਾ ਕਿ ਇਹ ਅੰਕੜਾ ਯੋਜਨਾ ਤਹਿਤ ਰੋਜ਼ਾਨਾ ਦੇ ਲਗਭਗ 3,441 ਦਾਅਵਿਆਂ ਦੇ ਔਸਤ ਤੋਂ ਵੀ ਵੱਧ ਹੈ।ਰਾਜ ਸਿਹਤ ਅਥਾਰਟੀ ਨੇ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ, ਜ਼ਿਲ੍ਹਾ ਅਮਲ ਪ੍ਰਬੰਧਕਾਂ ਅਤੇ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਬਣਾਈ ਰੱਖਿਆ ਗਿਆ। ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਕਿ ਆਯੁਸ਼ਮਾਨ ਭਾਰਤ ਦੇ ਯੋਗ ਮਰੀਜ਼ਾਂ ਨੂੰ ਇਲਾਜ ਦੇਣ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਉਣ ਦਿੱਤੀ ਜਾਵੇ। ਐਸਐਚਏ ਮੁਤਾਬਕ ਇਸ ਮਿਆਦ ਦੌਰਾਨ ਕਿਸੇ ਯੋਗ ਲਾਭਪਾਤਰੀ ਨੂੰ ਇਲਾਜ ਤੋਂ ਇਨਕਾਰ ਕਰਨ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।ਅਥਾਰਟੀ ਨੇ ਕੁਝ ਮੀਡੀਆ ਰਿਪੋਰਟਾਂ ਵਿੱਚ ਹਸਪਤਾਲਾਂ ਦੇ ਆਯੁਸ਼ਮਾਨ ਭਾਰਤ ਤਹਿਤ 12,000 ਕਰੋੜ ਰੁਪਏ ਦੇ ਬਕਾਏ ਸਬੰਧੀ ਕੀਤੇ ਗਏ ਦਾਅਵਿਆਂ ਨੂੰ ਤੱਥਾਂ ਦੇ ਅਨੁਕੂਲ ਨਾ ਹੋਣ ਵਾਲਾ ਦੱਸਿਆ। ਐਸਐਚਏ ਨੇ ਕਿਹਾ ਕਿ ਅਜਿਹੀ ਜਾਣਕਾਰੀ ਕਾਰਨ ਲਾਭਪਾਤਰੀਆਂ ਵਿੱਚ ਬੇਲੋੜਾ ਭੰਬਲਭੂਸਾ ਪੈਦਾ ਹੋ ਸਕਦਾ ਹੈ। ਅਥਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪੁਸ਼ਟ ਜਾਣਕਾਰੀ ਦੀ ਬਜਾਏ ਅਧਿਕਾਰਤ ਸਰੋਤਾਂ ’ਤੇ ਭਰੋਸਾ ਕਰਨ।ਐਸਐਚਏ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਲਾਭਪਾਤਰੀ ਵੱਲੋਂ 31 ਅਗਸਤ ਜਾਂ 1 ਸਤੰਬਰ ਨੂੰ ਆਯੁਸ਼ਮਾਨ ਯੋਜਨਾ ਤਹਿਤ ਇਲਾਜ ਤੋਂ ਇਨਕਾਰ ਕੀਤੇ ਜਾਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਹਸਪਤਾਲ ਵੱਲੋਂ ਜਾਣਬੁੱਝ ਕੇ ਯੋਗ ਮਰੀਜ਼ ਨੂੰ ਇਲਾਜ ਤੋਂ ਵਾਂਝਾ ਰੱਖਣ ਦੀ ਪੁਸ਼ਟੀ ਹੁੰਦੀ ਹੈ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।ਅਥਾਰਟੀ ਨੇ ਯੋਗ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ ਦੇ ਸੂਚੀਬੱਧ ਹਸਪਤਾਲਾਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਪਣਾ ਇਲਾਜ ਜਾਰੀ ਰੱਖ ਸਕਦੇ ਹਨ। ਸਰਕਾਰ ਨੇ ਕਿਹਾ ਕਿ ਯੋਗ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਸੁਚਾਰੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਉਸ ਦੀ ਤਰਜੀਹ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande