
ਪੰਚਕੂਲਾ, 02 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਫੰਡਾਂ ਦੀ ਕਥਿਤ ਹੇਰਾਫੇਰੀ ਨਾਲ ਜੁੜੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 19 ਹੋਰ ਮੁਲਜ਼ਮਾਂ ਖ਼ਿਲਾਫ਼ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਚਾਰਜਸ਼ੀਟ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਨਵੀਂ ਚਾਰਜਸ਼ੀਟ ਵਿੱਚ 6 ਆਈਏਐਸ ਅਧਿਕਾਰੀਆਂ, 4 ਬੈਂਕ ਅਧਿਕਾਰੀਆਂ ਅਤੇ ਹਰਿਆਣਾ ਸਰਕਾਰ ਦੇ 9 ਹੋਰ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਸੀਬੀਆਈ ਮੁਤਾਬਕ ਮਾਮਲਾ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਆਈਡੀਐਫਸੀ ਫਸਟ ਬੈਂਕ ਅਤੇ ਏਯੂ ਸਮਾਲ ਫਾਈਨੈਂਸ ਬੈਂਕ ਵਿੱਚ ਰੱਖੇ ਸਰਕਾਰੀ ਪੈਸੇ ਦੀ ਕਥਿਤ ਗੈਰ-ਕਾਨੂੰਨੀ ਤਬਦੀਲੀ ਨਾਲ ਸਬੰਧਤ ਹੈ। ਜਾਂਚ ਦੌਰਾਨ ਕਥਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਜਾਅਲਸਾਜ਼ੀ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ, ਸਬੂਤ ਮਿਟਾਉਣ, ਖਾਤਿਆਂ ਵਿੱਚ ਹੇਰਾਫੇਰੀ ਅਤੇ ਅਪਰਾਧਿਕ ਭਰੋਸਾਘਾਤ ਵਰਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵੀ ਕਾਰਵਾਈ ਕੀਤੀ ਗਈ ਹੈ।
ਜਾਂਚ ਏਜੰਸੀ ਦਾ ਦਾਅਵਾ ਹੈ ਕਿ ਕੁਝ ਸਰਕਾਰੀ ਅਤੇ ਬੈਂਕ ਅਧਿਕਾਰੀਆਂ ਨੇ ਕਥਿਤ ਮਿਲੀਭੁਗਤ ਰਾਹੀਂ ਸਰਕਾਰੀ ਰਕਮ ਨੂੰ ਅਜਿਹੇ ਖਾਤਿਆਂ ਵਿੱਚ ਟਰਾਂਸਫਰ ਕਰਵਾਇਆ, ਜਿਨ੍ਹਾਂ ਦਾ ਸਬੰਧ ਸਰਕਾਰੀ ਵਿਭਾਗਾਂ ਨਾਲ ਨਹੀਂ ਸੀ। ਸੀਬੀਆਈ ਅਨੁਸਾਰ ਇਸ ਤੋਂ ਬਾਅਦ ਕਈ ਖਾਤਿਆਂ ਰਾਹੀਂ ਰਕਮ ਨੂੰ ਘੁਮਾਇਆ ਗਿਆ ਅਤੇ ਕਥਿਤ ਤੌਰ ’ਤੇ ਨਕਦੀ ਵਿੱਚ ਤਬਦੀਲ ਕੀਤਾ ਗਿਆ। ਏਜੰਸੀ ਨੇ ਇਸ ਮਾਮਲੇ ਵਿੱਚ ਸਰਕਾਰੀ ਧਨ ਦੀ ਕਥਿਤ ਹੇਰਾਫੇਰੀ ਦੀ ਕੁੱਲ ਰਕਮ ਲਗਭਗ ₹504 ਕਰੋੜ ਦੱਸੀ ਹੈ।
ਸੀਬੀਆਈ ਜਾਂਚ ਮੁਤਾਬਕ ਕਥਿਤ ਘਪਲੇ ਦਾ ਅਸਰ ਪੰਚਾਇਤ ਵਿਭਾਗ, ਪੰਚਕੂਲਾ ਅਤੇ ਕਾਲਕਾ ਨਗਰ ਨਿਗਮ, ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਕੌਂਸਲ, ਹਰਿਆਣਾ ਲੇਬਰ ਵੈਲਫੇਅਰ ਬੋਰਡ, ਹਰਿਆਣਾ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ, ਹਰਿਆਣਾ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟਡ ਸਮੇਤ ਕਈ ਸੰਸਥਾਵਾਂ ਨਾਲ ਜੁੜਿਆ ਹੈ।
ਇਸ ਤੋਂ ਪਹਿਲਾਂ ਸੀਬੀਆਈ ਵੱਲੋਂ 18 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਨਵੀਂ ਚਾਰਜਸ਼ੀਟ ਤੋਂ ਬਾਅਦ ਮਾਮਲੇ ਵਿੱਚ ਹੁਣ ਤੱਕ ਕੁੱਲ 37 ਮੁਲਜ਼ਮ ਚਾਰਜਸ਼ੀਟ ਹੋ ਚੁੱਕੇ ਹਨ। ਏਜੰਸੀ ਮੁਤਾਬਕ ਜਾਂਚ ਦੌਰਾਨ 54 ਥਾਵਾਂ ’ਤੇ ਤਲਾਸ਼ੀਆਂ ਲਈਆਂ ਗਈਆਂ ਹਨ ਅਤੇ ਲਗਭਗ ₹20 ਕਰੋੜ ਮੁੱਲ ਦਾ ਸੋਨਾ ਸਮੇਤ ਹੋਰ ਕਈ ਅਹਿਮ ਸਬੂਤ ਜ਼ਬਤ ਕੀਤੇ ਗਏ ਹਨ। ਹੁਣ ਤੱਕ 26 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਚੁੱਕੀ ਹੈ।
ਇਹ ਮਾਮਲਾ ਪਹਿਲਾਂ ਹਰਿਆਣਾ ਸਟੇਟ ਵਿਜੀਲੈਂਸ ਐਂਡ ਐਂਟੀ ਕਰੱਪਸ਼ਨ ਬਿਊਰੋ ਕੋਲ ਸੀ। ਸੂਬਾ ਸਰਕਾਰ ਦੀ ਬੇਨਤੀ ਤੋਂ ਬਾਅਦ ਸੀਬੀਆਈ ਨੇ ਜਾਂਚ ਆਪਣੇ ਹੱਥ ਵਿੱਚ ਲਈ ਸੀ। ਏਜੰਸੀ ਮੁਤਾਬਕ ਜਾਂਚ ਅਜੇ ਜਾਰੀ ਹੈ ਅਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਸਰਕਾਰੀ ਰਕਮ ਦੀ ਪੂਰੀ ਲੈਣ-ਦੇਣ ਲੜੀ ਅਤੇ ਕਥਿਤ ਅਪਰਾਧ ਰਾਹੀਂ ਹਾਸਲ ਕੀਤੀ ਰਕਮ ਦਾ ਪਤਾ ਲਗਾਉਣ ਲਈ ਜਾਂਚ ਅੱਗੇ ਵਧਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH