ਪੰਜਾਬ ਨੂੰ ਜਿੱਤਣ ਲਈ ਕਾਂਗਰਸ ਇਕਜੁੱਟ, ਏਆਈਸੀਸੀ ਟੀਮ ਨੇ ‘ਆਪ’ ਦੀ ਪੀਆਰ ਰਾਜਨੀਤੀ ’ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਪੰਜਾਬ ਵਿੱਚ ਪਾਰਟੀ ਦੇ ਸੰਗਠਨ ਅਤੇ ਮੀਡੀਆ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਕੇਂਦਰੀ ਮੀਡੀਆ ਟੀਮ ਚੰਡੀਗੜ੍ਹ ਪਹੁੰਚੀ। ਟੀਮ ਨੇ ਪੰਜਾਬ ਕਾਂਗਰਸ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹ
ਏਆਈਸੀਸੀ ਦੀ ਕੇਂਦਰੀ ਮੀਡੀਆ ਟੀਮ ਜਾਣਕਾਰੀ ਦਿੰਦੀ ਹੋਈ।


ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਪੰਜਾਬ ਵਿੱਚ ਪਾਰਟੀ ਦੇ ਸੰਗਠਨ ਅਤੇ ਮੀਡੀਆ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਕੇਂਦਰੀ ਮੀਡੀਆ ਟੀਮ ਚੰਡੀਗੜ੍ਹ ਪਹੁੰਚੀ। ਟੀਮ ਨੇ ਪੰਜਾਬ ਕਾਂਗਰਸ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕੇਂਦਰੀ ਟੀਮ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਕਰਕੇ ਜ਼ਮੀਨੀ ਪੱਧਰ ਦੀ ਰਣਨੀਤੀ ਅਤੇ ਸੰਗਠਨਾਤਮਕ ਤਾਲਮੇਲ ਬਾਰੇ ਵਿਚਾਰ-ਵਟਾਂਦਰਾ ਕੀਤਾ। ਵੜਿੰਗ ਨੇ ਟੀਮ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 23 ਪ੍ਰਸ਼ਾਸਨਿਕ ਜ਼ਿਲ੍ਹਿਆਂ ਅਧੀਨ ਆਉਂਦੀਆਂ 29 ਸਿਆਸੀ ਜ਼ਿਲ੍ਹਾ ਕਮੇਟੀਆਂ ਨੂੰ ਟੀਮ ਦੀ ਕਾਰਗੁਜ਼ਾਰੀ ਲਈ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਵਿੰਗ ਕਮਾਂਡਰ ਅਨੁਮਾ ਆਚਾਰਿਆ ਨੂੰ ਮਾਝਾ, ਈਸ਼ਾਨ ਤਿਆਗੀ ਨੂੰ ਦੋਆਬਾ, ਜਦਕਿ ਮਾਲਵਾ ਖੇਤਰ ਨੂੰ ਮਾਲਵਾ-1 ਅਤੇ ਮਾਲਵਾ-2 ਵਿੱਚ ਵੰਡ ਕੇ ਹਰਨਾਮ ਸਿੰਘ ਅਤੇ ਵਿਕਰਮ ਲੋਹੀਆ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਟੀਮ ਵੱਲੋਂ ਸਥਾਨਕ ਆਗੂਆਂ ਨਾਲ ਮਿਲ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਇਸ ਦਾ ਮਕਸਦ ਬੂਥ ਪੱਧਰ ਤੱਕ ਪਾਰਟੀ ਦੇ ਸੰਦੇਸ਼ ਵਿੱਚ ਇਕਸਾਰਤਾ ਅਤੇ ਸੰਗਠਨ ਨਾਲ ਬਿਹਤਰ ਤਾਲਮੇਲ ਕਾਇਮ ਕਰਨਾ ਹੈ।

ਕਾਂਗਰਸੀ ਵਫ਼ਦ ਨੇ ਪਾਰਟੀ ਵਿੱਚ ਧੜੇਬੰਦੀ ਦੀਆਂ ਚਰਚਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਵੱਖ-ਵੱਖ ਆਗੂਆਂ ਦੇ ਵਿਚਾਰ ਹੋਣਾ ਲੋਕਤੰਤਰਿਕ ਪਾਰਟੀ ਦੀ ਕੁਦਰਤੀ ਪ੍ਰਕਿਰਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਾ ਫ਼ੈਸਲਾ ਕਿਸੇ ਇੱਕ ਆਗੂ ਵੱਲੋਂ ਨਹੀਂ ਕੀਤਾ ਜਾਂਦਾ, ਸਗੋਂ ਏਆਈਸੀਸੀ ਹਾਈਕਮਾਂਡ ਦੀ ਸੰਸਥਾਗਤ ਪ੍ਰਕਿਰਿਆ ਰਾਹੀਂ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਦੇ ਸੀਨੀਅਰ ਆਗੂ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ।

ਕੇਂਦਰੀ ਟੀਮ ਨੇ ਦੱਸਿਆ ਕਿ ਰਾਹੁਲ ਗਾਂਧੀ ਅਗਲੇ ਇੱਕ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਬਾਅਦ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਸਾਂਝੇ ਤੌਰ ’ਤੇ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ।

ਕਾਂਗਰਸੀ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਇਸ਼ਤਿਹਾਰਾਂ ਅਤੇ ਪੀਆਰ ਮੁਹਿੰਮਾਂ ’ਤੇ ਖਰਚ ਕਰ ਰਹੀ ਹੈ, ਜਦਕਿ ਨਸ਼ਾ, ਬੇਰੁਜ਼ਗਾਰੀ, ਖੇਤੀਬਾੜੀ ਸੰਕਟ, ਸਕੂਲਾਂ, ਹਸਪਤਾਲਾਂ ਅਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਹਨ।

ਆਗੂਆਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਸਵਾਲ ਉਠਾਏ ਅਤੇ ਸਿਰਫ਼ ਸਿਆਸੀ ਦਾਅਵਿਆਂ ਦੀ ਬਜਾਏ ਤੱਥਾਂ ਦੀ ਜਾਂਚ ਨੂੰ ਤਰਜੀਹ ਦੇਵੇ।

ਟੀਮ ਵਿੱਚ ਏਆਈਸੀਸੀ ਨੈਸ਼ਨਲ ਮੀਡੀਆ ਕੋਆਰਡੀਨੇਟਰ ਹਰੀ ਸ਼ੰਕਰ ਗੁਪਤਾ, ਵਿੰਗ ਕਮਾਂਡਰ ਅਨੁਮਾ ਆਚਾਰਿਆ, ਈਸ਼ਾਨ ਤਿਆਗੀ, ਹਰਨਾਮ ਸਿੰਘ, ਵਿਕਰਮ ਲੋਹੀਆ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande