
ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਭਾਜਪਾ ਦੇ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵੱਲੋਂ ਪੀੜਤਾਂ ਦੇ ਦਰਦ ਅਤੇ ਇਨਸਾਫ਼ ਦੇ ਮੁੱਦੇ ਨੂੰ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ।
ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦੀ ਮੌਜੂਦਗੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਫੂਲਕਾ ਨੇ ਕਿਹਾ ਕਿ 1984 ਦੇ ਮਾਮਲੇ ਨੂੰ ਲੈ ਕੇ ‘ਆਪ’ ਵੱਲੋਂ ਕੀਤੇ ਜਾ ਰਹੇ ਹਾਲੀਆ ਪ੍ਰਦਰਸ਼ਨਾਂ ਨੂੰ ਸਿਆਸੀ ਪਖੰਡ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਖਾਸ ਤੌਰ ’ਤੇ ‘ਆਪ’ ਵਿਧਾਇਕ ਰਾਮ ਸਿੰਘ ਨੇਤਾਜੀ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਸਨਮਾਨ ਵਿੱਚ ਹੋਈ ਸ਼ੋਕ ਸਭਾ ਵਿੱਚ ਸ਼ਮੂਲੀਅਤ ’ਤੇ ਸਵਾਲ ਚੁੱਕੇ।
ਫੂਲਕਾ ਨੇ ਕਿਹਾ ਕਿ 1984 ਦੇ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਕਈ ਦਹਾਕਿਆਂ ਤੱਕ ਉਡੀਕ ਕੀਤੀ ਹੈ। ਉਨ੍ਹਾਂ ਅਨੁਸਾਰ, ਪੀੜਤਾਂ ਦੇ ਦਰਦ ਨੂੰ ਸਿਆਸੀ ਨਾਅਰਿਆਂ ਜਾਂ ਚੋਣੀ ਗਣਨਾਵਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਫੂਲਕਾ ਨੇ 1984 ਦੇ ਪੀੜਤਾਂ ਨੂੰ ਮਿਲੇ ਵਾਧੂ ਮੁਆਵਜ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ 2014 ਵਿੱਚ ਕੇਂਦਰ ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਪਰਿਵਾਰ ਲਈ 5 ਲੱਖ ਰੁਪਏ ਦੇ ਵਾਧੂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੂਬਿਆਂ ਵਿੱਚ ਰਕਮ ਵੰਡੀ ਗਈ, ਪਰ ਦਿੱਲੀ ਵਿੱਚ ਇਸ ਦੀ ਵੰਡ ਵਿੱਚ ਦੇਰੀ ਹੋਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦਿੱਲੀ ਦੀ ‘ਆਪ’ ਸਰਕਾਰ ਨੂੰ ਮੁਆਵਜ਼ਾ ਜਲਦ ਵੰਡਣ ਦੀ ਅਪੀਲ ਕੀਤੀ ਸੀ। ਫੂਲਕਾ ਅਨੁਸਾਰ, ਇਸ ਮਾਮਲੇ ਵਿੱਚ ਦੇਰੀ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਸਤੰਬਰ 2015 ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 1 ਨਵੰਬਰ 2015 ਨੂੰ ਤਿਲਕ ਵਿਹਾਰ ਵਿੱਚ ਹੋਏ ਸਮਾਗਮ ਦੌਰਾਨ ਵਾਧੂ ਮੁਆਵਜ਼ਾ ਵੰਡਿਆ ਗਿਆ।
ਫੂਲਕਾ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਕਾਨੂੰਨੀ ਲੜਾਈ ਨਾਲ ਉਨ੍ਹਾਂ ਦਾ ਜੁੜਾਅ ਕਈ ਦਹਾਕਿਆਂ ਪੁਰਾਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਕਈ ਆਗੂਆਂ ਅਤੇ ਸੀਨੀਅਰ ਵਕੀਲਾਂ ਨੇ ਵੀ ਪੀੜਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਕਾਨੂੰਨੀ ਪੈਰਵੀ ਕੀਤੀ।
ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਲੈ ਕੇ ਨਰਿੰਦਰ ਮੋਦੀ ਸਰਕਾਰ ਦੇ ਸਮੇਂ ਤੱਕ 1984 ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ। ਫੂਲਕਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼, ਮੁਆਵਜ਼ੇ ਅਤੇ ਸਨਮਾਨ ਦੀ ਲੋੜ ਹੈ, ਨਾ ਕਿ ਉਨ੍ਹਾਂ ਦੇ ਦੁੱਖ ਨੂੰ ਸਿਆਸੀ ਮੁੱਦਾ ਬਣਾਉਣ ਦੀ।
ਹਿੰਦੂਸਥਾਨ ਸਮਾਚਾਰ / GURSHARAN SINGH