
ਮੋਹਾਲੀ, 02 ਸਤੰਬਰ (ਹਿੰ.ਸ.)| ਮੋਹਾਲੀ ਦੇ ਜੌਲਾ ਕਲਾਂ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਸ਼ਰਾਬ ਪੀਣ ਦੌਰਾਨ ਹੋਏ ਝਗੜੇ ਵਿੱਚ ਇੱਕ ਨੌਜਵਾਨ ਨੇ ਆਪਣੇ ਮਾਮੇ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਗੰਭੀਰ ਵਾਰ ਕਾਰਨ ਮਾਮੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਕਮੇਸਰ ਰਾਏ, ਵਾਸੀ ਜੌਲਾ ਕਲਾਂ ਵਜੋਂ ਹੋਈ ਹੈ, ਜਦਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਮਜੀ ਰਾਏ ਵਜੋਂ ਹੋਈ ਹੈ। ਉਹ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਬਲੀਹਾਰਪੁਰ ਪਿੰਡ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਪੁਲਿਸ ਮੁਤਾਬਕ ਜੌਲਾ ਕਲਾਂ ਵਿੱਚ ਰਾਧਾ ਸੁਆਮੀ ਭਵਨ ਦੇ ਸਾਹਮਣੇ ਜਸਵੰਤ ਸਿੰਘ ਦੀ ਮੋਟਰ ਦੇ ਕਮਰੇ ਵਿੱਚ ਕੁਝ ਮਜ਼ਦੂਰ ਰਹਿੰਦੇ ਹਨ। ਕਮੇਸਰ ਰਾਏ ਵੀ ਉੱਥੇ ਰਹਿ ਕੇ ਮਜ਼ਦੂਰੀ ਕਰਦਾ ਸੀ, ਜਦਕਿ ਉਸ ਦਾ ਭਾਣਜਾ ਰਾਮਜੀ ਰਾਏ ਵੀ ਇਸੇ ਇਲਾਕੇ ਵਿੱਚ ਕੰਮ ਕਰਦਾ ਸੀ। ਦੋਵਾਂ ਵਿਚਕਾਰ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦਾ ਝਗੜਾ ਹੋਇਆ ਸੀ।
ਪੁਲਿਸ ਅਨੁਸਾਰ 1 ਸਤੰਬਰ ਦੀ ਰਾਤ ਕੁਝ ਲੋਕ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਪੁਰਾਣੀ ਗੱਲ ਨੂੰ ਲੈ ਕੇ ਕਮੇਸਰ ਅਤੇ ਰਾਮਜੀ ਵਿਚਕਾਰ ਬਹਿਸ ਹੋ ਗਈ। ਤਕਰਾਰ ਵਧਣ ’ਤੇ ਰਾਮਜੀ ਨੇ ਕੁਹਾੜੀ ਨਾਲ ਕਮੇਸਰ ਦੀ ਗਰਦਨ ’ਤੇ ਵਾਰ ਕਰ ਦਿੱਤਾ। ਹਮਲਾ ਇੰਨਾ ਗੰਭੀਰ ਸੀ ਕਿ ਕਮੇਸਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਹੰਡੇਸਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਕਾਰਵਾਈ ਕਰਦਿਆਂ ਰਾਮਜੀ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾਵੇਗੀ, ਜਿਸ ਦੌਰਾਨ ਕਤਲ ਦੇ ਕਾਰਨਾਂ ਅਤੇ ਵਾਰਦਾਤ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH