ਪੀਪੀਸੀਬੀ ਵੱਲੋਂ ਸਕੂਲੀ ਬੱਚਿਆਂ ਨੂੰ ‘ਪਲਾਸਟਿਕ ਚੈਂਪੀਅਨ’ ਬਣਾਉਣ ਲਈ ਮੁਹਿੰਮ ਸ਼ੁਰੂ
ਪਟਿਆਲਾ, 02 ਸਤੰਬਰ (ਹਿੰ.ਸ.)| ਪਲਾਸਟਿਕ ਕਚਰੇ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਰੋਤ ਪੱਧਰ ’ਤੇ ਕਚਰੇ ਦੀ ਵੱਖਰੇ ਤੌਰ ’ਤੇ ਇਕੱਤਰਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਫੀਲਖਾਨਾ, ਪਟਿਆਲਾ ਵਿਖੇ
ਸੰਬੋਧਨ ਕਰਦੇ ਹੋਏ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ।


ਪਟਿਆਲਾ, 02 ਸਤੰਬਰ (ਹਿੰ.ਸ.)| ਪਲਾਸਟਿਕ ਕਚਰੇ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਰੋਤ ਪੱਧਰ ’ਤੇ ਕਚਰੇ ਦੀ ਵੱਖਰੇ ਤੌਰ ’ਤੇ ਇਕੱਤਰਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਫੀਲਖਾਨਾ, ਪਟਿਆਲਾ ਵਿਖੇ ‘ਪੰਜਾਬ ਪਲਾਸਟਿਕ ਚੈਂਪੀਅਨਜ਼ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਵਾਤਾਵਰਣ ਸੰਭਾਲ ਅਤੇ ਜ਼ਿੰਮੇਵਾਰ ਵੇਸਟ ਮੈਨੇਜਮੈਂਟ ਨਾਲ ਜੋੜਨਾ ਹੈ।

ਪ੍ਰੋਗਰਾਮ ਦੇ ਉਦਘਾਟਨ ਮੌਕੇ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਇਹ ਪਹਿਲ ਸਿਰਫ਼ ਦੋ ਹਫ਼ਤਿਆਂ ਦੀ ਕਚਰਾ ਇਕੱਠਾ ਕਰਨ ਦੀ ਮੁਹਿੰਮ ਤੱਕ ਸੀਮਤ ਨਹੀਂ ਰਹੇਗੀ, ਸਗੋਂ ਬੱਚਿਆਂ ਵਿੱਚ ਲੰਬੇ ਸਮੇਂ ਲਈ ਵਾਤਾਵਰਣ ਪੱਖੀ ਆਦਤਾਂ ਵਿਕਸਿਤ ਕਰਨ ਵੱਲ ਇੱਕ ਮਾਡਲ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣਕ ਵਿਹਾਰ ਵਿੱਚ ਬਦਲਾਅ ਦੀ ਸ਼ੁਰੂਆਤ ਸਕੂਲਾਂ ਤੋਂ ਕੀਤੀ ਜਾ ਸਕਦੀ ਹੈ ਅਤੇ ਜੇਕਰ ਪਟਿਆਲਾ ਦੇ ਬੱਚੇ ਇਸ ਮੁਹਿੰਮ ਨੂੰ ਸਫਲ ਬਣਾਉਂਦੇ ਹਨ ਤਾਂ ਇਹ ਹੋਰ ਸੂਬਿਆਂ ਲਈ ਵੀ ਮਿਸਾਲ ਬਣ ਸਕਦੀ ਹੈ।

ਇਹ ਪ੍ਰੋਗਰਾਮ ਸਕੂਲ-ਆਧਾਰਿਤ ਐਮਐਲਪੀ (ਮਲਟੀ-ਲੇਅਰਡ ਪਲਾਸਟਿਕ) ਵੇਸਟ ਇਕੱਠ ਮੁਕਾਬਲੇ ਦੇ ਰੂਪ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਚਿਪਸ ਤੇ ਸਨੈਕਸ ਦੇ ਪੈਕਟ, ਬਿਸਕੁਟ ਅਤੇ ਕਨਫੈਕਸ਼ਨਰੀ ਰੈਪਰ, ਨੂਡਲ ਪੈਕਟ, ਸੈਸ਼ੇ ਅਤੇ ਹੋਰ ਲਚਕੀਲੀ ਪਲਾਸਟਿਕ ਪੈਕੇਜਿੰਗ ਇਕੱਠੀ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਘਰਾਂ ਵਿੱਚੋਂ ਪੈਦਾ ਹੋਣ ਵਾਲੇ ਐਮਐਲਪੀ ਕਚਰੇ ਨੂੰ ਇਕੱਠਾ ਕਰਕੇ ਸਾਫ਼ ਅਤੇ ਸੁੱਕਾ ਰੱਖਣ ਅਤੇ ਸਕੂਲਾਂ ਵਿੱਚ ਬਣਾਏ ਗਏ ਨਿਰਧਾਰਤ ਇਕੱਠ ਬਾਕਸਾਂ ਵਿੱਚ ਜਮ੍ਹਾਂ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਪੀਪੀਸੀਬੀ ਵੱਲੋਂ ਇਕੱਠੀ ਕੀਤੀ ਸਮੱਗਰੀ ਦੀ ਢੁਕਵੀਂ ਪ੍ਰੋਸੈਸਿੰਗ ਅਤੇ ਰਿਕਵਰੀ ਲਈ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਇਹ ਪਹਿਲ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਅਤੇ ਐਨਜੀਓ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਹੈ।

ਉਦਘਾਟਨੀ ਸਮਾਗਮ ਵਿੱਚ 20 ਤੋਂ ਵੱਧ ਸਕੂਲਾਂ ਦੇ ਐਨਐਸਐਸ ਅਤੇ ਈਕੋ-ਕਲੱਬ ਕੋਆਰਡੀਨੇਟਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵੀ ਸਰਗਰਮ ਸਹਿਯੋਗ ਦਿੱਤਾ ਗਿਆ। ਜਿਨ੍ਹਾਂ ਸਕੂਲਾਂ ਵਿੱਚ ਐਨਐਸਐਸ ਜਾਂ ਈਕੋ-ਕਲੱਬ ਨਹੀਂ ਹਨ, ਉਨ੍ਹਾਂ ਨੂੰ ਵਿਦਿਆਰਥੀ-ਅਗਵਾਈ ਵਾਲੇ ਵਾਤਾਵਰਣਕ ਗਰੁੱਪ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ।

ਪਹਿਲੇ ਪੜਾਅ ਵਿੱਚ ਦੋ ਹਫ਼ਤਿਆਂ ਦਾ ਇਕੱਠ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ ਇਕੱਠੀ ਸਮੱਗਰੀ ਦੀ ਮਾਤਰਾ ਨਿਰਧਾਰਤ ਕੀਤੀ ਜਾਵੇਗੀ। ਦੂਜੇ ਪੜਾਅ ਵਿੱਚ ਇਹ ਮੁਹਿੰਮ ਪਟਿਆਲਾ ਦੇ ਲਗਭਗ 50 ਸਕੂਲਾਂ ਤੱਕ ਪਹੁੰਚਾਉਣ ਦਾ ਟੀਚਾ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ 10 ਅਕਤੂਬਰ 2026 ਨੂੰ ਹੋਣ ਵਾਲੀ ਪੀਪੀਸੀਬੀ ਦੀ ਰਾਜ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਕਾਨਫਰੰਸ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande